ਪੁੱਟਾਪਰਥੀ, 22 ਨਵੰਬਰ
ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਾਮੰਨਾ ਨੇ ਕਿਹਾ ਹੈ ਕਿ ਸ਼ਾਸਕਾਂ ਨੂੰ ਹਰ ਦਿਨ ਆਤਮ ਨਿਰੀਖ਼ਣ ਕਰਨਾ ਚਾਹੀਦਾ ਹੈ ਤੇ ਨਾਲ ਹੀ ਇਹ ਵੀ ਪਰਖ਼ਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਵਿਚ ਕੋਈ ਬੁਰੀ ਵਿਸ਼ੇਸ਼ਤਾ ਤਾਂ ਨਹੀਂ। ਅੰਨਤਪੁਰਮੂ ਜ਼ਿਲ੍ਹੇ ਦੇ ਪੁੱਟਾਪਾਰਥੀ ਨਗਰ ਵਿਚ ਸ੍ਰੀ ਸੱਤਿਆ ਸਾਈ ਉੱਚ ਸਿੱਖਿਆ ਅਦਾਰੇ ਦੇ 40ਵੇਂ ਡਿਗਰੀ ਵੰਡ ਸਮਾਗਮ ਮੌਕੇ ਚੀਫ਼ ਜਸਟਿਸ ਰਾਮੰਨਾ ਨੇ ਮਹਾਭਾਰਤ ਤੇ ਰਮਾਇਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ਾਸਕਾਂ ਦੇ 14 ਬੁਰੇ ਗੁਣ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਲੋਕਤੰਤਰਿਕ ਵਿਵਸਥਾ ਦੇ ਸਾਰੇ ਸ਼ਾਸਕਾਂ ਨੂੰ ਆਪਣਾ ਨਿਯਮਿਤ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਆਤਮ ਨਿਰੀਖਣ ਕਰਨਾ ਚਾਹੀਦਾ ਹੈ ਕਿ ਕੀ ਉਨ੍ਹਾਂ ਵਿਚ ਕੋਈ ਬੁਰੀ ਵਿਸ਼ੇਸ਼ਤਾ ਤਾਂ ਨਹੀਂ। ਨਿਆਂਸੰਗਤ ਪ੍ਰਸ਼ਾਸਨ ਦੇਣ ਦੀ ਲੋੜ ਹੈ ਤੇ ਇਹ ਲੋਕਾਂ ਦੀਆਂ ਲੋੜਾਂ ਮੁਤਾਬਕ ਹੋਣਾ ਚਾਹੀਦਾ ਹੈ। ਇੱਥੇ ਕਈ ਵਿਦਵਾਨ ਹਨ ਤੇ ਤੁਸੀਂ ਦੁਨੀਆ ਭਰ ਤੇ ਦੇਸ਼ ਭਰ ਵਿਚ ਹੋ ਰਹੇ ਘਟਨਾਕ੍ਰਮ ਨੂੰ ਦੇਖ ਰਹੇ ਹੋ।’ ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਜਨਤਾ ਹੀ ਸਭ ਤੋਂ ਉੱਪਰ ਹੁੰਦੀ ਹੈ ਤੇ ਸਰਕਾਰ ਵੱਲੋਂ ਜੋ ਵੀ ਫ਼ੈਸਲਾ ਲਿਆ ਜਾਵੇ, ਉਸ ਦਾ ਫਾਇਦਾ ਜਨਤਾ ਨੂੰ ਮਿਲਣਾ ਚਾਹੀਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਦੇਸ਼ ਦੀ ਸਾਰੀ ਵਿਵਸਥਾ ਆਜ਼ਾਦ ਤੇ ਇਮਾਨਦਾਰ ਹੋਵੇ, ਜਿਸ ਦਾ ਮੰਤਵ ਲੋਕਾਂ ਦੀ ਸੇਵਾ ਕਰਨਾ ਹੋਵੇ ਤੇ ਸੱਤਿਆ ਸਾਈ ਬਾਬਾ ਵੀ ਇਹੀ ਕਹਿੰਦੇ ਸਨ। ਉਨ੍ਹਾਂ ਕਿਹਾ ਕਿ ਮੰਦਭਾਗਾ ਹੈ ਕਿ ਆਧੁਨਿਕ ਸਿੱਖਿਆ ਪ੍ਰਣਾਲੀ ਉਪਯੋਗਤਾਵਾਦੀ ਕੰਮ ਉਤੇ ਹੀ ਧਿਆਨ ਕੇਂਦਰਿਤ ਕਰਦੀ ਹੈ ਤੇ ਅਜਿਹੀ ਪ੍ਰਣਾਲੀ ਸਿੱਖਿਆ ਦੇ ਉਸ ਨੈਤਿਕ ਜਾਂ ਅਧਿਆਤਮਕ ਪਹਿਲੂ ਦੇ ਲਿਹਾਜ਼ ਨਾਲ ਨਹੀਂ ਹੈ ਜੋ ਵਿਦਿਆਰਥੀਆਂ ਦੇ ਕਿਰਦਾਰ ਦਾ ਨਿਰਮਾਣ ਕਰੇ ਤੇ ਉਨ੍ਹਾਂ ਵਿਚ ਸਮਾਜਿਕ ਚੇਤਨਾ ਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰੇ। ਸੱਤਿਆ ਸਾਈ ਬਾਬਾ ਬਾਰੇ ਚੀਫ਼ ਜਸਟਿਸ ਨੇ ਕਿਹਾ ‘ਮੈਨੂੰ ਬਾਬਾ ਦੇ ਦਰਸ਼ਨ ਕਰਨ ਦਾ ਸੁਭਾਗਾ ਮੌਕਾ ਮਿਲਿਆ ਸੀ। ਮੈਂ ਹਮੇਸ਼ਾ ਉਨ੍ਹਾਂ ਦੇ ਗਿਆਨ ਦੇ ਸ਼ਬਦਾਂ ਨੂੰ ਆਪਣੇ ਨਾਲ ਰੱਖਿਆ ਹੈ’। ਚੀਫ਼ ਜਸਟਿਸ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਪਿਛਲੇ ਦੋ ਸਾਲਾਂ ਵਿਚ ਸੰਸਾਰ ਨੇ ਬੇਮਿਸਾਲ ਤਬਦੀਲੀ ਦੇਖੀ ਹੈ। ਇਸ ਬਿਮਾਰੀ ਨੇ ਕਈ ਖ਼ਤਰਿਆਂ ਤੇ ਕਮੀਆਂ ਨੂੰ ਉਜਾਗਰ ਕੀਤਾ ਹੈ। ਇਸ ਨਾਲ ਸਮਾਜ ਵਿਚ ਨਾ-ਬਰਾਬਰੀ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਿਆਂ ਵਿਚ ਬਿਨਾਂ ਕਿਸੇ ਸੁਆਰਥ ਤੋਂ ਸੇਵਾ ਦੀ ਲੋੜ ਹੈ। -ਪੀਟੀਆਈ