ਛੱਤੀਸਗੜ੍ਹ, 6 ਮਈ
ਇੱਥੋਂ ਦੇ ਕਾਂਕੇਰ ਜ਼ਿਲ੍ਹੇ ਦੇ ਇੱਕ ਹੋਟਲ ਵਿੱਚ ਅੱਜ ਰਾਏਪੁਰ ਦੇ ਇੱਕ ਵਿਅਕਤੀ ਅਤੇ ਉਸ ਦੀ ਪਤਨੀ ਨੇ ਆਪਣੇ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਖੁਦ ਵੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਕਾਂਕੇਰ ਦੇ ਪੁਲੀਸ ਅਧਿਕਾਰੀ ਸ਼ਲਭ ਸਿਨਹਾ ਨੇ ਦੱਸਿਆ ਕਿ ਬੀਤੀ ਰਾਤ ਇੱਥੋਂ ਦੇ ਇੱਕ ਹੋਟਲ ਦੇ ਕਮਰੇ ’ਚੋਂ ਜਿਤੇਂਦਰ ਦੇਵਗਨ (38) ਤੇ ਉਸ ਦੀ ਪਤਨੀ ਸਵਿਤਾ (35) ਦੀਆਂ ਲਾਸ਼ਾਂ ਪੱਖੇ ਨਾਲ ਲਟਕਦੀਆਂ ਤੇ ਉਨ੍ਹਾਂ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਬੈੱਡ ’ਤੇ ਪਈਆਂ ਮਿਲੀਆਂ ਹਨ। ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਰਾਏਪੁਰ ਦਾ ਵਸਨੀਕ ਹੈ ਤੇ ਬੁੱਧਵਾਰ ਸ਼ਾਮ ਨੂੰ ਇੱਥੋਂ ਦੇ ਬੱਸ ਅੱਡੇ ਨੇੜਲੇ ਇੱਕ ਹੋਟਲ ’ਚ ਆਇਆ ਸੀ। ਉਨ੍ਹਾਂ ਦੱਸਿਆ ਕਿ ਵੀਰਵਾਰ ਸ਼ਾਮ ਤੱਕ ਜਦੋਂ ਉਨ੍ਹਾਂ ਦੇ ਕਮਰੇ ’ਚੋਂ ਕੋਈ ਵੀ ਬਾਹਰ ਨਾ ਆਇਆ ਤਾਂ ਹੋਟਲ ਸਟਾਫ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਜਦੋਂ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਅੰਦਰ ਪਤੀ-ਪਤਨੀ ਦੀ ਲਾਸ਼ ਲਟਕ ਰਹੀ ਸੀ। -ਪੀਟੀਆਈ