ਨਵੀਂ ਦਿੱਲੀ, 16 ਮਈ
ਕੌਮੀ ਰਾਜਧਾਨੀ ਵਿੱਚ ਸੀਐੱਨਜੀ ਦੀ ਕੀਮਤ ’ਚ ਦੋ ਰੁਪਏ ਪ੍ਰਤੀ ਕਿਲੋ ਵਾਧਾ ਕੀਤਾ ਗਿਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਇਹ 12ਵਾਂ ਵਾਧਾ ਹੈ। ਇੰਦਰਾਪ੍ਰਸਥ ਗੈਸ ਲਿਮਟਡ (ਆਈਜੀਐੱਲ) ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਦਿੱਲੀ ਅਤੇ ਐੱਨਸੀਆਰ ਵਿੱਚ ਸੀਐੱਨਜੀ ਦੀ ਕੀਮਤ ਹੁਣ 71.61 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 73.61 ਰੁਪਏ ਪ੍ਰਤੀ ਕਿਲੋ ਹੋ ਗਈ ਹੈ। 7 ਮਾਰਚ ਤੋਂ ਹੁਣ ਤੱਕ ਇਸ ਦੀ ਕੀਮਤ ਵਿੱਚ 17.6 ਰੁਪਏ ਪ੍ਰਤੀ ਕਿਲੋ ਵਾਧਾ ਕੀਤਾ ਗਿਆ ਹੈ। ਸਿਰਫ ਅਪਰੈਲ ਵਿੱਚ ਸੀਐੱਨਜੀ 7.50 ਰੁਪਏ ਪ੍ਰਤੀ ਕਿਲੋ ਮਹਿੰਗੀ ਹੋਈ ਹੈ। ਜ਼ਿਕਰਯੋਗ ਹੈ ਕਿ ਘਰੇਲੂ ਰਸੋਈ ਵਿੱਚ ਵਰਤੀ ਜਾਣ ਵਾਲੀ ਪਾਈਪਡ ਨੈਚੂਰਲ ਗੈਸ (ਪੀਐੱਨਜੀ) ਦੀ ਕੀਮਤ 45.86 ਰੁਪਏ ਪ੍ਰਤੀ ਐੱਸਸੀਐੱਮ ਹੀ ਹੈ। ਇਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। -ਪੀਟੀਆਈ