ਕੋਲਕਾਤਾ, 2 ਅਗਸਤ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਟੀਐੱਮਸੀ ਦਾ ਚੋਣ ਨਾਅਰਾ ‘ਖੇਲਾ ਹੋਬੇ’ ਲੋਕਾਂ ’ਚ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਹੈ ਅਤੇ ਪੂਰਾ ਮੁਲਕ ਛੇਤੀ ਹੀ ‘ਖੇਲਾ’ ਦੇਖੇਗਾ। ਉਨ੍ਹਾਂ ਕਿਹਾ ਕਿ ‘ਖੇਲਾ’ ਬਿਨਾਂ ਕੋਈ ਜ਼ਿੰਦਗੀ ਨਹੀਂ ਹੈ। ਉਨ੍ਹਾਂ ਦਾ ਸਿੱਧਾ ਇਸ਼ਾਰਾ 2024 ਦੀਆਂ ਲੋਕ ਸਭਾ ਚੋਣਾਂ ਵੱਲ ਸੀ। ਟੀਐੱਮਸੀ ਸੁਪਰੀਮੋ ਨੇ ਇਹ ਵੀ ਕਿਹਾ ਕਿ ਮੁਲਕ ਨੂੰ ਰਾਹ ਦਿਖਾਉਣ ਲਈ ਪੱਛਮੀ ਬੰਗਾਲ ਨੂੰ ਮਾਣ ਹੈ। ‘ਤੁਸੀਂ ਸਹਿਮਤ ਹੋਵੋ ਜਾਂ ਨਾ ਪਰ ਇਹ ਹਕੀਕਤ ਹੈ ਕਿ ਖੇਲਾ ਹੋਬੇ ਨਾਅਰਾ ਦੇਸ਼ ’ਚ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਹੈ। ਸੰਸਦ ਅਤੇ ਯੂਪੀ ਤੇ ਰਾਜਸਥਾਨ ਵਰਗੇ ਕਈ ਸੂਬਿਆਂ ’ਚ ਇਹ ਨਾਅਰਾ ਲੱਗਿਆ ਹੈ।’ ਮਮਤਾ ਨੇ ‘ਖੇਲਾ ਹੋਬੇ’ ਯੋਜਨਾ ਦਾ ਉਦਘਾਟਨ ਕਰਨ ਮਗਰੋਂ ਇਹ ਗੱਲ ਆਖੀ। ਇਸ ਯੋਜਨਾ ਤਹਿਤ ਖੇਡ ਕਲੱਬਾਂ ਨੂੰ ਫੁੱਟਬਾਲ ਵੰਡੇ ਜਾਣਗੇ। -ਏਜੰਸੀ