ਕੋਲਕਾਤਾ, 2 ਅਗਸਤ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਹੈ ਕਿ ਟੀਐੱਮਸੀ ਦਾ ਚੋਣ ਨਾਅਰਾ ‘ਖੇਲਾ ਹੋਬੇ’ ਲੋਕਾਂ ’ਚ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਹੈ ਅਤੇ ਪੂਰਾ ਮੁਲਕ ਛੇਤੀ ਹੀ ‘ਖੇਲਾ’ ਦੇਖੇਗਾ। ਉਨ੍ਹਾਂ ਕਿਹਾ ਕਿ ‘ਖੇਲਾ’ ਬਿਨਾਂ ਕੋਈ ਜ਼ਿੰਦਗੀ ਨਹੀਂ ਹੈ। ਉਨ੍ਹਾਂ ਦਾ ਸਿੱਧਾ ਇਸ਼ਾਰਾ 2024 ਦੀਆਂ ਲੋਕ ਸਭਾ ਚੋਣਾਂ ਵੱਲ ਸੀ। ਟੀਐੱਮਸੀ ਸੁਪਰੀਮੋ ਨੇ ਇਹ ਵੀ ਕਿਹਾ ਕਿ ਮੁਲਕ ਨੂੰ ਰਾਹ ਦਿਖਾਉਣ ਲਈ ਪੱਛਮੀ ਬੰਗਾਲ ਨੂੰ ਮਾਣ ਹੈ। ‘ਤੁਸੀਂ ਸਹਿਮਤ ਹੋਵੋ ਜਾਂ ਨਾ ਪਰ ਇਹ ਹਕੀਕਤ ਹੈ ਕਿ ਖੇਲਾ ਹੋਬੇ ਨਾਅਰਾ ਦੇਸ਼ ’ਚ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਹੈ। ਸੰਸਦ ਅਤੇ ਯੂਪੀ ਤੇ ਰਾਜਸਥਾਨ ਵਰਗੇ ਕਈ ਸੂਬਿਆਂ ’ਚ ਇਹ ਨਾਅਰਾ ਲੱਗਿਆ ਹੈ।’ ਮਮਤਾ ਨੇ ‘ਖੇਲਾ ਹੋਬੇ’ ਯੋਜਨਾ ਦਾ ਉਦਘਾਟਨ ਕਰਨ ਮਗਰੋਂ ਇਹ ਗੱਲ ਆਖੀ। ਇਸ ਯੋਜਨਾ ਤਹਿਤ ਖੇਡ ਕਲੱਬਾਂ ਨੂੰ ਫੁੱਟਬਾਲ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਅਜੇ ਤਾਂ ਸੰਖੇਪ ਖੇਡ ਸ਼ੁਰੂ ਹੋਈ ਹੈ ਅਤੇ ਹੋਰ ਖੇਡ ਅਜੇ ਬਾਕੀ ਹੈ। ਮਮਤਾ ਬੈਨਰਜੀ ਸਰਕਾਰ ਨੇ 1980 ’ਚ ਮੈਚ ਦੌਰਾਨ ਭਗਦੜ ’ਚ ਮਾਰੇ ਗਏ 16 ਫੁੱਟਬਾਲ ਪ੍ਰਸ਼ੰਸਕਾਂ ਦੀ ਯਾਦ ’ਚ 16 ਅਗਸਤ ਨੂੰ ‘ਖੇਲਾ ਹੋਬੇ ਦਿਵਸ’ ਮਨਾਉਣ ਦਾ ਫ਼ੈਸਲਾ ਲਿਆ ਹੈ। ਇੰਡੀਅਨ ਫੁੱਟਬਾਲ ਐਸੋਸੀਏਸ਼ਨ ਨਾਲ ਜੁੜੇ 303 ਕਲੱਬਾਂ ਨੂੰ 10-10 ਫੁੱਟਬਾਲ ਵੰਡਦਿਆਂ ਮਮਤਾ ਨੇ ਕਿਹਾ ਕਿ ਪਿੰਡਾਂ ’ਚ ਖਿਡਾਰੀਆਂ ਅਤੇ ਕੋਚਾਂ ਨੂੰ ਇਕ ਲੱਖ ਤੋਂ ਜ਼ਿਆਦਾ ਹੋਰ ਫੁੱਟਬਾਲ ਵੰਡੇ ਜਾਣਗੇ। ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ’ਚ 25 ਹਜ਼ਾਰ ਕਲੱਬਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਅਤੇ ‘ਖੇਲਾ ਹੋਬੇ ਦਿਵਸ’ ਮਨਾਉਣ ਸਮੇਂ ਮੈਚ ਕਰਾਉਣ ’ਤੇ ਵਾਧੂ 15 ਹਜ਼ਾਰ ਰੁਪਏ ਦਿੱਤੇ ਜਾਣਗੇ। -ਪੀਟੀਆਈ