ਭਰੁਚ, 1 ਮਈ
ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਹ ਸੂਬੇ ਦੇ ਆਦਿਵਾਸੀਆਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਰਾਜ ਵਿਚ ਬਦਲਾਅ ਲਿਆਉਣ ਤੇ ਗਰੀਬਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਭਾਰਤੀ ਟ੍ਰਾਈਬਲ ਪਾਰਟੀ (ਬੀਟੀਪੀ) ਦੇ ਸੰਸਥਾਪਕ ਛੋਟੂ ਵਸਾਵਾ ਦੇ ਨਾਲ ਕੰਮ ਕਰਕੇ ਖ਼ੁਸ਼ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਵਿਚ ਆਪਣੀ ਪਹਿਲੀ ਰੈਲੀ ’ਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਅਮੀਰਾਂ ਨਾਲ ਖੜ੍ਹੀ ਹੈ ਪਰ ਉਹ ਛੋਟੂ ਵਸਾਵਾ, ਬੀਟੀਪੀ ਦੇ ਕੌਮੀ ਪ੍ਰਧਾਨ ਮਹੇਸ਼ ਵਸਾਵਾ ਦੇ ਛੋਟੇ ਭਰਾ ਅਤੇ ਰਾਜ ਦੇ ਗਰੀਬ ਲੋਕਾਂ ਨਾਲ ਖੜ੍ਹੇ ਹਨ। ਉਨ੍ਹਾਂ ਭਰੁਚ ਦੇ ਚੰਦੇਰੀਆ ਪਿੰਡ ਵਿਚ ਬੀਟੀਪੀ ਨਾਲ ਸਾਂਝੇ ਰੂਪ ਵਿਚ ਕਰਵਾਏ ‘ਆਦਿਵਾਸੀ ਸੰਕਲਪ ਮਹਾਸੰਮੇਲਨ’ ਵਿਚ ਕਿਹਾ, ‘ਸੋਚਣ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੇ ਦੋ ਸਭ ਤੋਂ ਅਮੀਰ ਵਿਅਕਤੀ ਗੁਜਰਾਤ ਤੋਂ ਹਨ, ਤੇ ਸਾਡੇ ਦੇਸ਼ ਦੇ ਸਭ ਤੋਂ ਗਰੀਬ ਆਦਿਵਾਸੀ ਵੀ ਗੁਜਰਾਤ ਤੋਂ ਹਨ।’ ਕੇਜਰੀਵਾਲ ਨੇ ਆਦਿਵਾਸੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਮੌਕਾ ਦੇਣ, ਉਹ ਉਨ੍ਹਾਂ ਦੀ ਗਰੀਬੀ ਦੂਰ ਕਰ ਦੇਣਗੇ, ਬੱਚਿਆਂ ਨੂੰ ਸਿੱਖਿਆ ਦੇਣਗੇ ਤੇ ਹਸਪਤਾਲ ਬਣਾਉਣਗੇ। ਇਸ ਤੋਂ ਇਲਾਵਾ ਰੁਜ਼ਗਾਰ ਦਾ ਪ੍ਰਬੰਧ ਵੀ ਕਰਨਗੇ। ‘ਆਪ’ ਆਗੂ ਨੇ ਕਿਹਾ ਕਿ ਗੁਜਰਾਤ ਨੂੰ ਬਦਲਣ ਲਈ ਉਹ ਬੀਟੀਪੀ ਨਾਲ ਮਿਲ ਕੇ ਕੰਮ ਕਰਨਗੇ। ਅੱਜ ਗੁਜਰਾਤ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੀ.ਆਰ. ਪਾਟਿਲ ਉਤੇ ਵੀ ਨਿਸ਼ਾਨਾ ਸੇਧਿਆ। -ਪੀਟੀਆਈ