ਰਾਂਚੀ, 20 ਜੂਨ
ਝਾਰਖੰਡ ਵਿੱਚ ਲਗਪਗ 35 ਹਜ਼ਾਰ ਸਕੂਲਾਂ ਦੀਆਂ ਇਮਾਰਤਾਂ ਨੂੰ ਹਰੇ ਅਤੇ ਚਿੱਟੇ ਰੰਗ ਵਿੱਚ ਮੁੜ ਤੋਂ ਰੰਗਿਆ ਜਾ ਰਿਹਾ ਹੈ, ਜਦਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ 42 ਲੱਖ ਵਿਦਿਆਰਥੀਆਂ ਨੂੰ ‘ਮਨ ਵਿੱਚ ਤਾਜ਼ਗੀ’ ਲਿਆਉਣ ਦੀ ਯੋਜਨਾ ਤਹਿਤ ਨਵੇਂ ਰੰਗ ਦੀ ਵਰਦੀ ਮਿਲੇਗੀ। ਹਾਲਾਂਕਿ, ਰੰਗ ਬਦਲਣ ਨੂੰ ਭਾਜਪਾ ਨੇ ਲੁਕਿਆ ਸਿਆਸੀ ਏਜੰਡਾ ਕਰਾਰ ਦਿੱਤਾ ਹੈ। ਸੂਬੇ ਦੇ ਸਿੱਖਿਆ ਮੰਤਰੀ ਜਗਰਨਾਥ ਮਾਹਤੋ ਨੇ ਕਿਹਾ ਕਿ ਮਿਡਲ ਸਕੂਲ ਤੋਂ ਹਾਇਰ ਸੈਕੰਡਰੀ ਪੱਧਰ ਤੱਕ ਦੇ ਵਿਦਿਆਰਥੀਆਂ ਲਈ ਵਰਦੀ ਦਾ ਰੰਗ ਹਰਾ ਹੋਵੇਗਾ, ਜਦਕਿ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਗੂੜ੍ਹੇ ਨੀਲੇ ਅਤੇ ਗੁਲਾਬੀ ਰੰਗ ਦੀ ਡਰੈੱਸ ਪਹਿਨਣਗੇ। ਇਸ ਸਮੇਂ ਸੂਬੇ ਦੇ ਸਾਰੇ ਸਕੂਲੀ ਵਿਦਿਆਰਥੀਆਂ ਦੀ ਵਰਦੀ ਦਾ ਰੰਗ ਇੱਕ ਬਰਾਬਰ (ਹੇਠਲੇ ਹਿੱਸੇ ਵਿੱਚ ਮੈਰੂਨ ਅਤੇ ਉਪਰਲੇ ਹਿੱਸੇ ਤੋਂ ਕ੍ਰੀਮ ਸਫੈਦ) ਹੈ। ਉਧਰ, ਭਾਜਪਾ ਨੇ ਦਾਅਵਾ ਕੀਤਾ ਹੈ ਕਿ ਵਿਦਿਆਰਥੀਆਂ ਦੀ ਵਰਦੀ ਲਈ ਰੰਗ ਦੀ ਚੋਣ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੇ ‘ਹਰੇ ਅਤੇ ਸਫੈਦ ਰੰਗ ਵਾਲੇ ਝੰਡੇ’ ਤੋਂ ਪ੍ਰੇਰਿਤ ਹੈ। -ਪੀਟੀਆਈ