* ਪ੍ਰਧਾਨ ਮੰਤਰੀ ਨੇ ਹਰਿਆਣਾ ਵਿੱਚ ਕਾਂਗਰਸ ਦੀ ਸਾਜ਼ਿਸ਼ ਨਾਕਾਮ ਹੋਣ ਦਾ ਕੀਤਾ ਦਾਅਵਾ
* ਕਾਂਗਰਸ ਸ਼ਾਿਸਤ ਸੂਬਿਆਂ ਨੂੰ ਪਾਰਟੀ ਦੇ ‘ਸ਼ਾਹੀ ਪਰਿਵਾਰ’ ਲਈ ਏਟੀਐੱਮ ਦੱਸਿਆ
ਅਕੋਲਾ, 9 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਦਾ ਹਰਿਆਣਾ ਵਰਗਾ ਹਾਲ ਹੋਵੇਗਾ ਜਿੱਥੇ ਭਾਜਪਾ ਨੇ ਹੁਣ ਤੱਕ ਦੀਆਂ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ‘ਏਕ ਹੈਂ ਤੋਂ ਸੇਫ ਹੈਂ’ ਦੇ ਨਾਅਰੇ ’ਤੇ ਚੱਲਦਿਆਂ ਕਾਂਗਰਸ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਉਨ੍ਹਾਂ ਕਿਹਾ, ‘ਕਾਂਗਰਸ ਨੂੰ ਪਤਾ ਹੈ ਜਦੋਂ ਦੇਸ਼ ਕਮਜ਼ੋਰ ਹੋਵੇਗਾ, ਉਹ ਸਿਰਫ ਉਦੋਂ ਹੀ ਮਜ਼ਬੂਤ ਹੋਵੇਗੀ। ਉਸ ਪਾਰਟੀ ਦੀ ਨੀਤੀ ਇੱਕ ਜਾਤ ਨੂੰ ਦੂਜੀ ਜਾਤ ਖ਼ਿਲਾਫ਼ ਖੜ੍ਹਾ ਕਰਨਾ ਹੈ।’ ਮੋਦੀ ਨੇ ਕਿਹਾ ਕਿ ਜਿਹੜੇ ਵੀ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ, ਉਹ ਰਾਜ ਪਾਰਟੀ ਦੇ ‘ਸ਼ਾਹੀ ਪਰਿਵਾਰ’ ਲਈ ਏਟੀਐੱਮ ਬਣ ਜਾਂਦਾ ਹੈ। ਮੋਦੀ ਨੇ 20 ਨਵੰਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕੋਲਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਮਹਾਰਾਸ਼ਟਰ ਨੂੰ ਕਾਂਗਰਸ ਦਾ ਏਟੀਐੱਮ ਨਹੀਂ ਬਣਨ ਦੇਵਾਂਗੇ।’
ਉਨ੍ਹਾਂ ਕਿਹਾ, ‘ਮੈਂ ਕਾਂਗਰਸ ਦੇ ਸ਼ਾਹੀ ਪਰਿਵਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਾਬਤ ਕਰੇ ਕਿ ਉਸ ਨੇ ਕਦੇ ਡਾ. ਬਾਬਾ ਸਾਹਿਬ ਅੰਬੇਡਕਰ ਦੇ ਪੰਚਤੀਰਥ ਦਾ ਦੌਰਾ ਕੀਤਾ ਹੈ।’ ਮੋਦੀ ਨੇ ਅੰਬੇਡਕਰ ਦੇ ਜਨਮ ਸਥਾਨ ਮਹੂ, ਬਰਤਾਨੀਆ ਵਿੱਚ ਪੜ੍ਹਾਈ ਦੌਰਾਨ ਲੰਦਨ ਵਿੱਚ ਰਹਿਣ ਵਾਲੀ ਜਗ੍ਹਾ, ਨਾਗਪੁਰ ਵਿੱਚ ਬੁੱਧ ਧਰਮ ਅਪਣਾਉਣ ਨਾਲ ਸਬੰਧਤ ਦੀਕਸ਼ਾ ਭੂਮੀ, ਦਿੱਲੀ ਵਿੱਚ ਉਨ੍ਹਾਂ ਦਾ ‘ਮਹਾਪਰਿਨਿਰਵਾਣ ਸਥਲ’ ਅਤੇ ਮੁੰਬਈ ਵਿਚ ‘ਚੈਤਿਆ ਭੂਮੀ’ ਨੂੰ ਦਰਸਾਉਣ ਲਈ ‘ਪੰਚਤੀਰਥ’ ਸ਼ਬਦ ਦੀ ਵਰਤੋਂ ਕੀਤੀ।’ -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਵੱਲੋਂ ਰਤਨ ਟਾਟਾ ਨੂੰ ਸ਼ਰਧਾਂਜਲੀ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਅਤਕਾਰ ਰਤਨ ਟਾਟਾ ਨੂੰ ਭਰੋਸੇਯੋਗਤਾ, ਉੱਤਮਤਾ ਅਤੇ ਸੇਵਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਦੱਸਿਆ। ਪਿਛਲੇ ਮਹੀਨੇ ਅੱਜ ਦੇ ਦਿਨ ਰਤਨ ਟਾਟਾ ਦਾ ਦੇਹਾਂਤ ਹੋ ਗਿਆ ਸੀ। ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਨੂੰ ਸ਼ਰਧਾਂਜਲੀ ਦਿੰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਕਮੀ ਨਾ ਸਿਰਫ਼ ਭਾਰਤ, ਸਗੋਂ ਪੂਰੀ ਦੁਨੀਆ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਆਪਣੀ ਵੈੱਬਸਾਈਟ ’ਤੇ ‘ਸ੍ਰੀ ਰਤਨ ਟਾਟਾ ਨੂੰ ਸ਼ਰਧਾਂਜਲੀ’ ਸਿਰਲੇਖ ਵਾਲੇ ਲੇਖ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਟਾਟਾ ਹਾਲੇ ਵੀ ਉਨ੍ਹਾਂ ਸਾਰਿਆਂ ਦੇ ਜੀਵਨ ਵਿੱਚ ਜਿਉਂਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਸਹਾਰਾ ਦਿੱਤਾ ਅਤੇ ਜਿਨ੍ਹਾਂ ਦੇ ਸੁਫਨੇ ਉਨ੍ਹਾਂ ਸਾਕਾਰ ਕੀਤੇ।’ ਉਨ੍ਹਾਂ ਕਿਹਾ ਕਿ ਭਾਰਤ ਨੂੰ ਬਿਹਤਰ, ਦਿਆਲੂ ਅਤੇ ਆਸ਼ਾਵਾਦੀ ਥਾਂ ਬਣਾਉਣ ਲਈ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਉਨ੍ਹਾਂ ਦੀਆਂ ਧੰਨਵਾਦੀ ਰਹਿਣਗੀਆਂ। -ਪੀਟੀਆਈ
‘ਐੱਸਸੀ, ਐੱਸਟੀ ਅਤੇ ਦਲਿਤਾਂ ਦੇ ਏਕੇ ਕਾਰਨ ਆਧਾਰ ਗੁਆ ਰਹੀ ਹੈ ਕਾਂਗਰਸ’
ਨਾਂਦੇੜ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਜਨਜਾਤੀਆਂ (ਐੱਸਟੀ), ਦਲਿਤਾਂ ਅਤੇ ਆਦਿਵਾਸੀਆਂ ਦੀ ਏਕਤਾ ਕਾਰਨ ਕਾਂਗਰਸ ਪਿਛਲੇ ਸਾਲਾਂ ਤੋਂ ਆਪਣਾ ਆਧਾਰ ਗੁਆ ਰਹੀ ਹੈ। ਇੱਥੇ ਚੋਣ ਰੈਲੀ ’ਚ ਮੋਦੀ ਨੇ ਕਿਹਾ, ‘ਕਾਂਗਰਸ ਦੇ ਆਗੂ ‘ਭਾਰਤ ਦਾ ਸੰਵਿਧਾਨ’ ਲੇਬਲ ਵਾਲੀ ਲਾਲ ਕਿਤਾਬ ਦਿਖਾ ਰਹੇ ਹਨ, ਜਿਸ ਦੇ ਪੰਨੇ ਖਾਲੀ ਹਨ। ਇਸ ਤਰ੍ਹਾਂ ਕਾਂਗਰਸ ਵੱਲੋਂ ਡਾ. ਅੰਬੇਡਕਰ ਦਾ ਨਿਰਾਦਰ ਕੀਤਾ ਜਾ ਰਿਹਾ ਹੈ।’ -ਪੀਟੀਆਈ