* ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਵਿਮੈਨਜ਼ ਨੇ ਮਨੀਪੁਰ ਦੇ ਦੌਰੇ ਮਗਰੋਂ ਹਾਲਾਤ ਦੱਸੇ
* ਮੁੱਖ ਮੰਤਰੀ ਬੀਰੇਨ ਸਿੰਘ ਦਾ ਅਸਤੀਫ਼ਾ ਮੰਗਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਜੁਲਾਈ
ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਵਿਮੈਨਜ਼ (ਐੱਨਐੱਫਆਈਡੀ) ਨੇ ਹਿੰਸਾ ਪ੍ਰਭਾਵਿਤ ਸੂਬੇ ਮਨੀਪੁਰ ਦੇ ਤਿੰਨ ਰੋਜ਼ਾ ਦੌਰੇ ਮਗਰੋਂ ਅੱਜ ਇੱਥੇ ਪ੍ਰੈੱਸ ਕਲੱਬ ਆਫ ਇੰਡੀਆ ’ਚ ਮੀਡੀਆ ਅੱਗੇ ਉੱਥੋਂ ਦੇ ਹਾਲਾਤ ਬਾਰੇ ਤੱਥ ਪੇਸ਼ ਕੀਤੇ ਅਤੇ ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ।
ਐੱਨਐੱਫਆਈਡੀ ਦੀ ਜਨਰਲ ਸਕੱਤਰ ਐਨੀ ਰਾਜਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਆਪਣੇ ਦੌਰੇ ਦੌਰਾਨ ਮਨੀਪੁਰ ਦੇ ਵੱਖ ਵੱਖ ਇਲਾਕਿਆਂ ’ਚ ਗਈ। ਰਾਜਾ ਨੇ ਦੱਸਿਆ ਕਿ ਇਹ ਹਿੰਸਾ ਸਰਕਾਰ ਦੀ ਸ਼ਹਿ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਸ਼ਾਂਤੀ ਅਤੇ ਸਦਭਾਵਨਾ ਬਹਾਲ ਕਰਨ ਲਈ ਜ਼ੋਰਦਾਰ ਢੰਗ ਨਾਲ ਯਤਨ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਖਾਸ ਤੌਰ ’ਤੇ ਮਹਿਲਾ ਸੰਗਠਨਾਂ ਨੂੰ ਸ਼ਾਮਲ ਕਰਕੇ ਭਰੋਸੇ ਦਾ ਮਾਹੌਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬੀਰੇਨ ਸਿੰਘ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੁਪਰੀਮ ਕੋਰਟ ਦੀ ਉੱਚ ਤਾਕਤੀ ਕਮੇਟੀ ਸਾਰੀ ਜਾਂਚ ਅਤੇ ਨਿਆਂ ਪ੍ਰਕਿਰਿਆ ਦੀ ਨਿਗਰਾਨੀ ਕਰੇ ਤੇ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ। ਮੁਆਵਜ਼ਾ ਕਮਿਸ਼ਨ ਦਾ ਗਠਨ ਕਰਕੇ ਹਿੰਸਾ ਪ੍ਰਭਾਵਿਤ ਲੋਕਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਰੋਜ਼ੀ-ਰੋਟੀ ਦੇ ਮੌਕਿਆਂ ਦੇ ਨਾਲ ਸਮਾਂਬੱਧ ਰਾਹਤ ਅਤੇ ਮੁੜ ਵਸੇਬਾ ਕੀਤਾ ਜਾਵੇ ਤੇ ਵਿਦਿਆਰਥੀਆਂ ਦੀ ਸਿੱਖਿਆ ’ਚ ਲਗਾਤਾਰਤਾ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਪੁਟੇ ਜਾਣ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਪਾਸੇ ਇੱਕੋ ਸੁਰੱਖਿਆ ਬਲ ਦੇ ਨਾਲ ਬਫਰ ਜ਼ੋਨ ਬਣਾਏ ਜਾਣ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅਤੇ ਇਸ ਦੀ ਮਸ਼ੀਨਰੀ ਚੱਲ ਰਹੇ ਸੰਕਟ ਵਿੱਚ ਬੇਕਾਰ ਬਣ ਚੁੱਕੀ ਹੈ ਤੇ ਕੇਂਦਰ ਸਰਕਾਰ ਦੀ ਉਦਾਸੀਨਤਾ ਮੌਜੂਦਾ ਹਾਲਾਤ ਨੂੰ ਹੋਰ ਗੰਭੀਰ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਸਾ ਦੌਰਾਨ ਸਭ ਤੋਂ ਵੱਧ ਸ਼ਿਕਾਰ ਮਨੀਪੁਰ ਦੀਆਂ ਔਰਤਾਂ ਤੇ ਬੱਚੇ ਹੋਏ ਹਨ ਅਤੇ ਮਨੀਪੁਰ ਦੇ ਨਾਗਰਿਕ ਸ਼ਾਂਤੀ ਤੇ ਆਮ ਸਥਿਤੀ ਬਹਾਲ ਕਰਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਹੁਣ ਭਾਈਚਾਰਿਆਂ ਦਰਮਿਆਨ ਭਰੋਸੇ ਦੀ ਵੱਡੀ ਘਾਟ ਬਣੀ ਹੋਈ ਹੈ ਤੇ ਉੱਥੇ ਸਾਰਿਆਂ ਲਈ ਸਨਮਾਨ ਭਰਿਆ ਜੀਵਨ ਬਹਾਲ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ।