ਸ੍ਰੀਨਗਰ, 5 ਅਪਰੈਲ
ਜੰਮੂ ਕਸ਼ਮੀਰ ਦਾ ਦੌਰਾ ਕਰ ਰਹੇ ਹੱਦਬੰਦੀ ਕਮਿਸ਼ਨ ਨੇ ਅੱਜ ਆਮ ਲੋਕਾਂ ਤੇ ਸਿਵਲ ਸੁਸਾਇਟੀ ਗਰੁੱਪਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਤਜਵੀਜ਼ ਦੇ ਖਰੜੇ ਬਾਰੇ ਲੋਕਾਂ ਤੋਂ ਸੁਝਾਅ ਲਏ ਤੇ ਇਤਰਾਜ਼ ਵੀ ਦਰਜ ਕੀਤੇ। ਵੱਡੀ ਗਿਣਤੀ ਵਿਅਕਤੀਆਂ, ਸਿਆਸੀ ਧਿਰਾਂ ਨਾਲ ਜੁੜੇ ਗਰੁੱਪਾਂ ਤੇ ਪੰਚਾਇਤ ਮੈਂਬਰਾਂ ਨੇ ਅੱਜ ਹੱਦਬੰਦੀ ਕਮਿਸ਼ਨ ਨੂੰ ਆਪਣੇ ਸੁਝਾਅ ਦਿੱਤੇ। ਜ਼ਿਕਰਯੋਗ ਹੈ ਕਿ ਹੱਦਬੰਦੀ ਕਮਿਸ਼ਨ ਨੂੰ ਵਿਧਾਨ ਸਭਾ ਤੇ ਸੰਸਦੀ ਖੇਤਰਾਂ ਦੀਆਂ ਸੀਮਾਵਾਂ ਮੁੜ ਤੋਂ ਮਿੱਥਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੋਮਵਾਰ ਕਮਿਸ਼ਨ ਨੇ ਜਸਟਿਸ (ਸੇਵਾਮੁਕਤ) ਰੰਜਨਾ ਪ੍ਰਕਾਸ਼ ਦੇਸਾਈ ਦੀ ਅਗਵਾਈ ਵਿਚ ਜੰਮੂ ਖੇਤਰ ਦੇ ਲੋਕਾਂ, ਸਿਵਲ ਸੁਸਾਇਟੀ ਮੈਂਬਰਾਂ ਤੇ ਹੋਰਾਂ ਨਾਲ ਮੁਲਾਕਾਤ ਕੀਤੀ ਸੀ। ਕਮਿਸ਼ਨ ਨੇ ਅੱਜ ਪਹਿਲਾਂ ਸਵੇਰੇ 10 ਤੋਂ 12 ਵਜੇ ਤੱਕ ਸ੍ਰੀਨਗਰ, ਬਡਗਾਮ, ਅਨੰਤਨਾਗ, ਕੁਲਗਾਮ, ਪੁਲਵਾਮਾ ਤੇ ਸ਼ੋਪੀਆਂ ਤੋਂ ਆਏ ਵਫ਼ਦਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਦੁਪਹਿਰੇ 12-2 ਵਜੇ ਤੱਕ ਗੰਦਰਬਲ, ਬਾਂਦੀਪੋਰਾ, ਕੁਪਵਾੜਾ ਤੇ ਬਾਰਾਮੂਲਾ ਤੋਂ ਪਹੁੰਚੇ ਲੋਕਾਂ ਨਾਲ ਮੁਲਾਕਾਤ ਕੀਤੀ। ਹੱਦਬੰਦੀ ਨਵੇਂ ਸਿਰਿਓਂ ਕਰਨ ਬਾਰੇ ਲੋਕਾਂ ਤੇ ਸਿਆਸੀ ਧਿਰਾਂ ਨੇ ਕਈ ਮੰਗਾਂ ਰੱਖੀਆਂ ਹਨ, ਕਈਆਂ ਨੇ ਖਰੜੇ ਉਤੇ ਇਤਰਾਜ਼ ਵੀ ਜਤਾਏ। ‘ਅਪਨੀ ਪਾਰਟੀ’ ਦੇ ਸੂਬਾ ਸਕੱਤਰ ਮੁੰਤਜ਼ਿਰ ਮੋਹਿਉਦੀਨ ਨੇ ਕਿਹਾ ਕਿ ਕਮਿਸ਼ਨ ਦੀਆਂ ਤਜਵੀਜ਼ਾਂ ਨੇ ਕਈ ਖੇਤਰਾਂ ਵਿਚ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ। ਕਈ ਇਲਾਕੇ ਇਕ ਹਲਕੇ ਵਿਚੋਂ ਕੱਟ ਕੇ ਦੂਜੇ ਨਾਲ ਜੋੜੇ ਗਏ ਹਨ। ਉਨ੍ਹਾਂ ਕਿਹਾ ਕਿ ਕਈ ਖੇਤਰਾਂ ਨੂੰ ਬਹੁਤ ਦੂਰ ਪੈਂਦੇ ਹਲਕਿਆਂ ਨਾਲ ਜੋੜ ਦਿੱਤਾ ਗਿਆ ਹੈ। ਇਸ ਬਾਰੇ ਸਬੰਧਤ ਡੀਸੀ, ਹੱਦਬੰਦੀ ਕਮਿਸ਼ਨ ਤੇ ਚੋਣ ਕਮਿਸ਼ਨ ਨੂੰ ਜਾਣੂ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਗਾਂ ਉਤੇ ਗੌਰ ਕੀਤਾ ਜਾਵੇ। -ਪੀਟੀਆਈ