ਪਟਨਾ, 27 ਨਵੰਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਤਾਜ਼ਾ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਵਿਰੋਧੀ ਆਗੂ ਲਾਲੂ ਪ੍ਰਸਾਦ ਯਾਦਵ ’ਤੇ ਕੀਤੇ ਗਏ ਤਿੱਖੇ ਨਿੱਜੀ ਹਮਲਿਆਂ ਦਾ ਜਵਾਬ ਅੱਜ ਵਿਰੋਧੀ ਧਿਰ ਦੇ ਆਗੂ ਅਤੇ ਲਾਲੂ ਦੇ ਪੁੱਤਰ ਤੇਜਸਵੀ ਯਾਦਵ ਨੇ ਵਿਧਾਨ ਸਭਾ ਵਿੱਚ ਦਿੱਤਾ।
ਆਰਜੇਡੀ(ਯੂ) ਮੁਖੀ ਵਲੋਂ ਇੱਕ ਭਾਸ਼ਣ ਦੌਰਾਨ ਆਰਜੇਡੀ ਸੁਪਰੀਮੋ ਦਾ ਨਾਂ ਲਏ ਬਿਨਾਂ ਉਨ੍ਹਾਂ ਦੇ ਵੱਡੇ ਪਰਿਵਾਰ ਵੱਲ ਇਸ਼ਾਰਾ ਕਰਦਿਆਂ ਇਸ ਨੂੰ ਪ੍ਰਸਾਦ ਦੀ ਪੁੱਤਰ ਦੀ ਲਾਲਸਾ ਨਾਲ ਜੋੜਿਆ ਗਿਆ ਸੀ, ਜਿਸ ’ਤੇ ਯਾਦਵ ਨੇ ਅੱਜ ਆਪਣਾ ਗੁੱਸਾ ਦਿਖਾਇਆ। ਯਾਦਵ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਇਸ ਗੱਲ ਤੋਂ ਜਾਣੂ ਹਨ ਕਿ ਮੇਰੇ ਮਾਪਿਆਂ ਦੀ ਸਭ ਤੋਂ ਛੋਟੀ ਔਲਾਦ ਧੀ ਹੈ, ਜੋ ਦੋ ਪੁੱਤਰਾਂ ਤੋਂ ਬਾਅਦ ਜਨਮੀ ਸੀ।’’ ਉਨ੍ਹਾਂ ਅੱਗੇ ਕਿਹਾ, ‘‘ਹੁਣ ਮੁੱਖ ਮੰਤਰੀ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੇ ਕੇਵਲ ਇੱਕ ਪੁੱਤਰ ਹੈ। ਇੱਥੇ ਅਸੀਂ ਉਨ੍ਹਾਂ ਦੇ ਆਪਣੇ ਮਾਪਦੰਡ ਲਾਗੂ ਕਰਦੇ ਹਾਂ ਅਤੇ ਕਹਿੰਦੇ ਹਾਂ ਕਿ ਉਨ੍ਹਾਂ ਨੇ ਧੀ ਦਾ ਜਨਮ ਹੋਣ ਦੇ ਡਰੋਂ ਹੋਰ ਬੱਚਾ ਪੈਦਾ ਹੀ ਨਹੀਂ ਕੀਤਾ।’’ ਆਰਜੇਡੀ ਆਗੂ ਨੇ ਨਿਰਾਸ਼ਾ ਪ੍ਰਗਟਾਈ ਕਿ ਚੋਣਾਂ ਦੌਰਾਨ ਜਦੋਂ ਉਹ ‘ਲੋਕ ਮੁੱਦਿਆਂ’ ਵੱਲ ਧਿਆਨ ਕੇਂਦਰਿਤ ਕਰ ਰਹੇ ਸਨ, ਉਦੋਂ ਸੱਤਾਧਾਰੀ ਐੱਨਡੀਏ ਏਧਰ-ਉਧਰ ਦੀਆਂ ਗੱਲਾਂ ਕਰਦੇ ਸਨ। ਯਾਦਵ ਨੇ ਦੋਸ਼ ਲਾਇਆ, ‘‘ਮੈਂ ਨੌਕਰੀਆਂ ਦੀ ਗੱਲ ਕਰ ਰਿਹਾ ਸੀ। ਅਤੇ ਮੈਂ ਬਿਹਾਰ ਦੇ ਲੋਕਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਵੋਟ ਪਾਈ ਅਤੇ ਇਕੱਲੀ ਵੱਡੀ ਪਾਰਟੀ ਵਜੋਂ ਉਭਰਨ ਵਿੱਚ ਮੱਦਦ ਕੀਤੀ। ਪ੍ਰੰਤੂ ਵੱਖ-ਵੱਖ ਥਾਈਂ ਤਾਇਨਾਤ ਅਧਿਕਾਰੀਆਂ ਵਲੋਂ ਕੀਤੀਆਂ ਧਾਂਦਲੀਆਂ ਕਰਕੇ ਕਰੀਬੀ ਟੱਕਰ ਵਾਲੇ ਹਲਕਿਆਂ ਵਿੱਚ ਨਤੀਜੇ ਪਲਟਾ ਦਿੱਤੇ ਗਏ। ਪ੍ਰਧਾਨ ਮੰਤਰੀ ਦੇ ਅਹੁਦੇ ਵਾਲਾ ਵਿਅਕਤੀ ਵੀ ਅੱਪਸ਼ਬਦ ਵਰਤ ਰਿਹਾ ਸੀ।’’ -ਪੀਟੀਆਈ