ਨਵੀਂ ਦਿੱਲੀ, 10 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਸਰਕਾਰ ਚੀਨ ਵੱਲੋਂ ਸਰਹੱਦਾਂ ’ਤੇ ਬੁਨਿਆਦੀ ਢਾਂਚੇ ਦੀ ਕੀਤੀ ਜਾ ਰਹੀ ਉਸਾਰੀ ਨੂੰ ਅਣਗੌਲਿਆ ਕਰਕੇ ਮੁਲਕ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕਾ ਦੇ ਇਕ ਸਿਖਰਲੇ ਜਨਰਲ ਨੇ ਲੱਦਾਖ ਨੇੜੇ ਚੀਨੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਚਿੰਤਾਜਨਕ ਦੱਸਿਆ ਹੈ। ਰਾਹੁਲ ਨੇ ਟਵਿੱਟਰ ’ਤੇ ਕਿਹਾ ਕਿ ਚੀਨ ਭਵਿੱਖ ’ਚ ਹਮਲਾਵਰ ਕਾਰਵਾਈ ਲਈ ਆਧਾਰ ਬਣਾ ਰਿਹਾ ਹੈ। ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਸ ਕਰਦਾ ਹੈ ਕਿ ਚੀਨ, ਪੂਰਬੀ ਲੱਦਾਖ ’ਚ ਬਾਕੀ ਰਹਿੰਦੇ ਮੁੱਦਿਆਂ ਦੇ ਨਬਿੇੜੇ ਲਈ ਫ਼ੌਜੀ ਪੱਧਰ ਦੀ ਅਗਲੇ ਗੇੜ ਦੀ ਗੱਲਬਾਤ ’ਚ ਕਿਸੇ ਹੱਲ ’ਤੇ ਪਹੁੰਚ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਵੀ ਕਿਹਾ ਸੀ ਕਿ ਭਾਰਤ ਆਪਣੇ ਸਰਹੱਦੀ ਇਲਾਕਿਆਂ ’ਚ ਵਿਕਾਸ ਕਾਰਜਾਂ ’ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਸੀ ਜਦੋਂ ਅਮਰੀਕੀ ਫ਼ੌਜ ਦੇ ਪੈਸੇਫਿਕ ਕਮਾਂਡਿੰਗ ਜਨਰਲ ਚਾਰਲਸ ਏ ਫਲਿਨ ਨੇ ਕਿਹਾ ਸੀ ਕਿ ਲੱਦਾਖ ’ਚ ਚੀਨੀ ਸਰਗਰਮੀ ਅੱਖਾਂ ਖੋਲ੍ਹ ਦੇਣ ਵਾਲੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਚੀਨੀ ਕਮਿਊਨਿਸਟ ਪਾਰਟੀ ਦਾ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਅਸਥਿਰ ਅਤੇ ਖੋਰਾ ਲਾਉਣ ਵਾਲਾ ਵਤੀਰਾ ਜਾਇਜ਼ ਨਹੀਂ ਹੈ। ਉਂਜ ਬਾਗਚੀ ਨੇ ਅਮਰੀਕੀ ਜਨਰਲ ਦੇ ਬਿਆਨ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਸੀ। -ਪੀਟੀਆਈ