ਟ੍ਰਿਬਿਊਨ ਨਿਊਜ਼ ਸਰਵਿਸ, 4 ਜੁਲਾਈ
ਸੂਬਾਈ ਪ੍ਰਸ਼ਾਸਨ ਨੇ ਅਨਲੌਕ -2.0 ਸਬੰਧੀ ਨਿਰਦੇਸ਼ ਜਾਰੀ ਕਰਦਿਆਂ ਕਸ਼ਮੀਰ ਵਾਦੀ ਵਿੱਚ ਸਿਰਫ ਬਾਂਦੀਪੋਰਾ ਜ਼ਿਲ੍ਹੇ ਨੂੰ ਛੱਡ ਪੂਰੀ ਵਾਦੀ ਨੂੰ ਰੈੱਡ ਜ਼ੋਨ ਐਲਾਨ ਦਿੱਤਾ ਹੈ। ਅਜਿਹੇ ਵਿੱਚ ਅਮਰਨਾਥ ਯਾਤਰਾ ਕਿਵੇਂ ਹੋਵੇਗੀ। ਇਹ ਸਭ ਤੋਂ ਵੱਡਾ ਸਵਾਲ ਹੈ। ਇਸ ਦੇ ਨਾਲ ਹੀ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਵੀ ਸਰਕਾਰ ਤੋਂ ਅਮਰਨਾਥ ਯਾਤਰਾ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦੀ ਜਾਣਕਾਰੀ ਮੰਗੀ ਹੈ ਕਿ ਯਾਤਰਾ ਸ਼ੁਰੂ ਹੋਣ ’ਤੇ ਸ਼ਰਧਾਲੂਆਂ ਨੂੰ ਕਰੋਨਾ ਤੋਂ ਕਿਵੇਂ ਬਚਾਇਆ ਜਾਵੇਗਾ। ਪ੍ਰਸ਼ਾਸਨ ਨੇ 31 ਜੁਲਾਈ ਤਕ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ’ਤੇ ਪਾਬੰਦੀ ਨੂੰ ਜਾਰੀ ਰੱਖਿਆ ਹੈ। ਰੇਲ ਜਾਂ ਹਵਾਈ ਜਹਾਜ਼ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ 7 ਤੋਂ 14 ਦਿਨਾਂ ਤਕ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।
ਆਰਤੀ ਦਾ ਹੋਵੇਗਾ ਸਿੱਧਾ ਪ੍ਰਸਾਰਣ
ਅਮਰਨਾਥ ਯਾਤਰਾ ਦੇ ਇਤਿਹਾਸ ਵਿੱਚ ਪਹਿਲੀ ਵਾਰ 5 ਜੁਲਾਈ ਤੋਂ ਵਿਆਸ ਪੂਰਣਿਮਾ ਦੇ ਦਿਨ ਤੋਂ 3 ਅਗਸਤ ਸ੍ਰਾਵਣ ਪੂਰਣਿਮਾ ਵਾਲੇ ਦਿਨ ਤਕ ਅਮਰਨਾਥ ਗੁਫ਼ਾ ਵਿੱਚ ਸਵੇਰੇ-ਸ਼ਾਮ ਹੋਣ ਵਾਲੀ ਆਰਤੀ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਇਸ ਲਈ ਦੂਰਦਰਸ਼ਨ ਦੀਆਂ ਟੀਮਾਂ } ਗੁਫ਼ਾ ਤਕ ਪਹੁੰਚਾ ਦਿੱਤਾ ਗਿਆ ਹੈ।