ਅਰਜੁਨ ਸ਼ਰਮਾ
ਜੰਮੂ, 3 ਜੁਲਾਈ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਪਿੰਡ ਵਾਸੀਆਂ ਨੇ ਬੇਮਿਸਾਲ ਦਲੇਰੀ ਵਿਖਾਉਂਦਿਆਂ ਲਸ਼ਕਰ-ਏ-ਤਇਬਾ ਦੇ ਦੋ ਹਥਿਆਰਬੰਦ ਦਹਿਸ਼ਤਗਰਦਾਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਹੈ। ਦਹਿਸ਼ਤਗਰਦਾਂ ਦੀ ਪਛਾਣ ਰਾਜੌਰੀ ਦੇ ਤਾਲਬਿ ਹੁਸੈਨ ਤੇ ਪੁਲਵਾਮਾ ਦੇ ਫੈਸਲ ਅਹਿਮਦ ਡਾਰ ਵਜੋਂ ਦੱਸੀ ਗਈ ਹੈ। ਇਨ੍ਹਾਂ ਵਿੱਚੋਂ ਤਾਲਬਿ ਭਾਜਪਾ ਦਾ ਸਰਗਰਮ ਮੈਂਬਰ ਦੱਸਿਆ ਜਾਂਦਾ ਹੈ। ਤਾਲਬਿ ਨੇ ਦੋ ਮਹੀਨੇ ਪਹਿਲਾਂ ਜੰਮੂ ਦੇ ਭਾਜਪਾ ਘੱਟਗਿਣਤੀ ਮੋਰਚੇ ਦੇ ਆਈਟੀ ਤੇ ਸੋਸ਼ਲ ਮੀਡੀਆ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਮੋਰਚੇ ਦੇ ਪ੍ਰਧਾਨ ਸ਼ੇਖ ਬਸ਼ੀਰ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ। ਤਾਲਬਿ ਨੂੰ ਰਾਜੌਰੀ ਜ਼ਿਲ੍ਹੇ ਵਿੱਚ ਹੋਏ ਹਾਲੀਆ ਲੜੀਵਾਰ ਬਾਰੂਦੀ ਸੁਰੰਗ ਧਮਾਕਿਆਂ ਦਾ ਮੁੱਖ ਸਾਜ਼ਿਸ਼ਘਾੜਾ ਮੰਨਿਆ ਜਾਂਦਾ ਹੈ। ਉਪ ਰਾਜਪਾਲ ਮਨੋਜ ਸਿਨਹਾ ਤੇ ਡੀਜੀਪੀ ਦਿਲਬਾਗ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਵਿਖਾਈ ਦਲੇਰੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਨਗ਼ਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਤੁਕਸਾਨ ਢੋਕ ਪਿੰਡ ਦੇ ਲੋਕਾਂ ਨੇ ਅਤਿ ਲੋੜੀਂਦੇ ਲਸ਼ਕਰ-ਏ-ਤਇਬਾ ਦੇ ਕਮਾਂਡਰ ਤਾਲਬਿ ਹੁਸੈਨ ਸਣੇ ਦੋ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਸੀ। ਜੰਮੂ ਜ਼ੋਨ ਦੇ ਵਧੀਕ ਡੀਜੀਪੀ ਮੁਕੇਸ਼ ਸਿੰਘ ਨੇ ਇਕ ਬਿਆਨ ਵਿੱਚ ਕਿਹਾ, ‘‘ਤੁਕਸਾਨ ਢੋਕ ਪਿੰਡ ਦੇ ਲੋਕਾਂ ਨੇ ਬੇਮਿਸਾਲ ਦਲੇਰੀ ਵਿਖਾਉਂਦਿਆਂ ਲਸ਼ਕਰ-ਏ-ਤਇਬਾ ਦੇ ਦੋ ਮੋਸਟ ਵਾਂਟਿਡ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਹੈ, ਜੋ ਪੁਲੀਸ ਤੇ ਫੌਜ ਵੱਲੋਂ ਰਾਜੌਰੀ ਜ਼ਿਲ੍ਹੇ ਵਿੱਚ ਬਣਾਏ ਦਬਾਅ ਮਗਰੋਂ ਪਨਾਹ ਲੈਣ ਦੇ ਇਰਾਦੇ ਨਾਲ ਇਸ ਇਲਾਕੇ ਵਿੱਚ ਪੁੱਜੇ ਸਨ।’’ ਫੜੇ ਗਏ ਦੂਜੇ ਦਹਿਸ਼ਤਗਰਦ ਦੀ ਪਛਾਣ ਦੱਖਣੀ ਕਸ਼ਮੀਰ ਦੇ ਪੁਲਵਾਮਾ ਨਾਲ ਸਬੰਧਤ ਫੈਸਲ ਅਹਿਮਦ ਡਾਰ ਵਜੋਂ ਹੋਈ ਹੈ। ਪਿੰਡ ਵਾਸੀਆਂ ਨੇ ਦੋਵਾਂ ਦਹਿਸ਼ਤਗਰਦਾਂ ਕੋਲੋਂ ਦੋ ਏਕੇ ਅਸਾਲਟ ਰਾਈਫਲਾਂ, ਸੱਤ ਹੱਥਗੋਲੇ, ਇਕ ਪਿਸਟਲ ਤੇ ਵੱਡੀ ਮਾਤਰਾ ਵਿੱਚ ਗੋਲੀ-ਸਿੱਕਾ ਵੀ ਬਰਾਮਦ ਕੀਤਾ ਹੈ। ਸਿੰਘ ਨੇ ਕਿਹਾ ਕਿ ਉਪ ਰਾਜਪਾਲ ਨੇ ਪਿੰਡ ਵਾਸੀਆਂ ਵੱਲੋਂ ਵਿਖਾਈ ਦਲੇਰੀ ਦੀ ਤਾਰੀਫ਼ ਕਰਦਿਆਂ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਡੀਜੀਪੀ ਨੇ ਦੋ ਲੱਖ ਰੁਪਏ ਦੇ ਇਨਾਮ ਵੱਖਰੇ ਤੌਰ ’ਤੇ ਕੀਤਾ ਹੈ। ਉਪ ਰਾਜਪਾਲ ਨੇ ਟਵੀਟ ਕੀਤਾ, ‘‘ਮੈਂ ਰਿਆਸੀ ਜ਼ਿਲ੍ਹੇ ਦੇ ਤੁਕਸੋਨ ਢੋਕ ਪਿੰਡ ਦੇ ਲੋਕਾਂ ਵੱਲੋਂ ਵਿਖਾਈ ਦਲੇਰੀ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਦੋ ਅਤਿ ਲੋੜੀਂਦੇ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਹੈ। ਆਮ ਆਦਮੀ ਵੱਲੋਂ ਵਿਖਾਈ ਅਜਿਹੀ ਦ੍ਰਿੜਤਾ ਤੋਂ ਸਾਫ਼ ਹੈ ਕਿ ਅਤਿਵਾਦ ਦਾ ਅੰਤ ਹੁਣ ਦੂਰ ਨਹੀਂ ਹੈ। ਯੂਟੀ ਸਰਕਾਰ ਪਿੰਡ ਵਾਸੀਆਂ ਵੱਲੋਂ ਅਤਿਵਾਦੀਆਂ ਤੇ ਅਤਿਵਾਦ ਖਿਲਾਫ਼ ਵਿਖਾਈ ਦਲੇਰੀ ਲਈ ਪੰਜ ਲੱਖ ਰੁਪਏ ਦਾ ਨਗ਼ਦ ਪੁਰਸਕਾਰ ਦੇਣ ਦਾ ਐਲਾਨ ਕਰਦੀ ਹੈ।’’ ਦੋਵਾਂ ਦਹਿਸ਼ਤਗਰਦਾਂ ਦੀ ਗ੍ਰਿਫ਼ਤਾਰੀ ਅਜਿਹੇ ਮੌਕੇ ਹੋਈ ਹੈ ਜਦੋਂ ਪੁਲੀਸ ਨੇ 28 ਜੂਨ ਨੂੰ ਹੁਸੈਨ ਦੀ ਅਗਵਾਈ ਵਾਲੇ ਦਹਿਸ਼ਤੀ ਮੌਡਿਊਲ ਦੇ ਪਰਦਾਫਾਸ਼ ਦਾ ਦਾਅਵਾ ਕੀਤਾ ਸੀ। ਪੁਲੀਸ ਮੁਤਾਬਕ ਰਾਜੌਰੀ ਜ਼ਿਲ੍ਹੇ ਵਿੱਚ ਹੋਏ ਹਾਲੀਆ ਲੜੀਵਾਰ ਧਮਾਕਿਆਂ ਪਿੱਛੇ ਹੁਸੈਨ ਦਾ ਦਿਮਾਗ ਸੀ। ਸਿੰਘ ਨੇ ਕਿਹਾ ਕਿ ਹੁਸੈਨ ਪਾਕਿਸਤਾਨ ਅਧਾਰਿਤ ਲਸ਼ਕਰ ਦਹਿਸ਼ਤਗਰਦ ਕਾਸਿਮ ਦੇ ਲਗਾਤਾਰ ਸੰਪਰਕ ਵਿੱਚ ਸੀ।
ਮੈਨੂੰ ਤੇ ਪਾਰਟੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸੀ ਦਹਿਸ਼ਤਗਰਦ: ਰੈਣਾ
ਜੰਮੂ: ਜੰਮੂ ਕਸ਼ਮੀਰ ਭਾਜਪਾ ਦੇ ਮੁਖੀ ਰਵਿੰਦਰ ਰੈਣਾ ਨੇ ਲਸ਼ਕਰ ਦਹਿਸ਼ਤਗਰਦਾਂ ਨੂੰ ਕਾਬੂ ਕਰਨ ਲਈ ਪਿੰਡ ਵਾਸੀਆਂ ਵੱਲੋਂ ਵਿਖਾਈ ਦਲੇਰੀ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਕਾਬੂ ਕੀਤੇ ਗਏ ਦਹਿਸ਼ਤਗਰਦ ਉਸ ਨੂੰ ਅਤੇ ਪਾਰਟੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਵੱਲੋਂ ਘੜੀ ਸਾਜ਼ਿਸ਼ ਦਾ ਹਿੱਸਾ ਸਨ।’’ ਰੈਣਾ ਨੇ ਕਿਹਾ, ‘‘ਤਾਲਬਿ ਹੁਸੈਨ ਸ਼ਾਹ ਨੇ ਖ਼ੁਦ ਦਾ ਤੁਆਰਫ਼ ਪੱਤਰਕਾਰ ਵਜੋਂ ਕਰਵਾਇਆ ਸੀ ਤੇ ਉਸ ਨੇ ਕਈ ਵਾਰ ਮੇਰੇ ਪਾਰਟੀ ਦਫ਼ਤਰ ਆ ਕੇ ਮੇਰੀ ਇੰਟਰਵਿਊ ਲਈ ਸੀ। ਉਸ ਨੇ ਸਾਡੇ ਹੈੱਡਕੁਆਰਟਰ ਆਉਣ ਮਗਰੋਂ ਕਈ ਪਾਰਟੀ ਵਰਕਰਾਂ ਨਾਲ ਨੇੜਲੇ ਰਿਸ਼ਤੇ ਬਣਾ ਲਏ ਸਨ।’’ ਰੈਨਾ ਦੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਤੋਂ ਪਤਾ ਲੱਗਾ ਸੀ ਕਿ ਸ਼ਾਹ ਪਾਕਿਸਤਾਨ ਅਧਾਰਿਤ ਦਹਿਸ਼ਤਗਰਦਾਂ ਵੱਲੋਂ ਪਲਾਂਟ ਕੀਤਾ ਜਾਸੂਸ ਸੀ।’’ -ਪੀਟੀਆਈ
ਦਹਿਸ਼ਤਗਰਦਾਂ ਨਾਲ ਭਾਜਪਾ ਦੇ ਸਬੰਧ ਦੀ ਦੂਜੀ ਘਟਨਾ: ਕਾਂਗਰਸ
ਜੰਮੂ: ਪਿੰਡ ਵਾਸੀਆਂ ਵੱਲੋਂ ਲਸ਼ਕਰ ਦੇ ਸਿਖਰਲੇ ਦਹਿਸ਼ਤਗਰਦ, ਜਿਸ ਦਾ ਸਬੰਧ ਭਾਜਪਾ ਨਾਲ ਦੱਸਿਆ ਜਾ ਰਿਹਾ ਹੈ, ਸਣੇ ਦੋ ਜਣਿਆਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰਨ ਮਗਰੋਂ ਕਾਂਗਰਸ ਤੇ ਭਾਜਪਾ ਦਰਮਿਆਨ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਤਰਜਮਾਨ ਰਵਿੰਦਰ ਸ਼ਰਮਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਆਪਣੀ ਜਥੇਬੰਦੀ ਵਿੱਚ ਦਹਿਸ਼ਤਗਰਦ ਦੀ ਸ਼ਮੂਲੀਅਤ ਬਾਰੇ ਦੇਸ਼ ਨੂੰ ਜਵਾਬ ਦੇਣਾ ਬਣਦਾ ਹੈ। ਪਿਛਲੇ ਦੋ ਦਿਨਾਂ ਵਿੱਚ ਇਹ ਦੂਜੀ ਘਟਨਾ ਹੈ ਜਦੋਂ ਇਕ ਦਹਿਸ਼ਤੀ ਘਟਨਾ ਦੇ ਮੁਲਜ਼ਮ ਦੇ ਭਾਜਪਾ ਨਾਲ ਸਬੰਧਾਂ ਦਾ ਪਤਾ ਲੱਗਾ ਹੈ। ਇਸ ਤੋਂ ਪਹਿਲਾਂ ਕਾਂਗਰਸ ਆਗੂ ਪਵਨ ਖੇੜਾ ਨੇ ਫੇਸਬੁੱਕ ਪੋਸਟਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਉਦੈਪੁਰ ’ਚ ਦਰਜ਼ੀ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਰਿਆਜ਼ ਅਖ਼ਤਰੀ ਭਾਜਪਾ ਆਗੂਆਂ ਦੇ ਸੰਪਰਕ ਵਿੱਚ ਸੀ।