ਨਵੀਂ ਦਿੱਲੀ, 7 ਸਤੰਬਰ
ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਮੱਦੇਨਜ਼ਰ ਕਾਂਗਰਸ ਦੋ ਅਕਤੂਬਰ ਤੋਂ ਪੂਰੇ ਮੁਲਕ ਵਿਚ ਕਈ ਸਮਾਗਮ ਆਰੰਭੇਗੀ। ਇਸ ਮੌਕੇ ਸੁਤੰਤਰਤਾ ਲਈ ਸੰਘਰਸ਼ ਕਰਨ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਉਭਾਰਿਆ ਜਾਵੇਗਾ। ਇਸ ਬਾਰੇ ਫ਼ੈਸਲਾ ਪਾਰਟੀ ਦੀ ਇਕ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ ਜਿਸ ਦੀ ਅਗਵਾਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਰ ਰਹੇ ਹਨ।
ਮੀਟਿੰਗ ਵਿਚ ਇਹ ਵੀ ਸੁਝਾਅ ਦਿੱਤਾ ਗਿਆ ਕਿ ਬਰਤਾਨਵੀ ਸ਼ਾਸਨ ਦੌਰਾਨ ਜਿਨ੍ਹਾਂ ਬਰਤਾਨਵੀ ਹਕੂਮਤ ਦਾ ਸਾਥ ਦਿੱਤਾ ਸੀ, ਉਨ੍ਹਾਂ ਦਾ ਵੀ ਪਰਦਾਫਾਸ਼ ਕੀਤਾ ਜਾਵੇ। 11 ਮੈਂਬਰੀ ਕਮੇਟੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਗਠਿਤ ਕੀਤੀ ਸੀ। ਪਾਰਟੀ ਇਨ੍ਹਾਂ ਸਮਾਰੋਹਾਂ ਨੂੰ ਪੂਰਾ ਸਾਲ ਕਰਵਾਏਗੀ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ ਜਿਵੇਂ ਕਿ ਪ੍ਰਯਾਗਰਾਜ, ਸਾਬਰਮਤੀ ਆਸ਼ਰਮ ਤੇ ਚੰਪਾਰਨ ਆਦਿ ਨੂੰ ਵੀ ਸਮਾਗਮਾਂ ਵਿਚ ਉਭਾਰਿਆ ਜਾਵੇਗਾ। ਬੈਠਕ ਵਿਚ ਪਾਰਟੀ ਆਗੂ ਮੀਰਾ ਕੁਮਾਰ, ਏ.ਕੇ. ਐਂਟਨੀ, ਅੰਬਿਕਾ ਸੋਨੀ, ਗੁਲਾਮ ਨਬੀ ਆਜ਼ਾਦ, ਭੁਪਿੰਦਰ ਸਿੰਘ ਹੁੱਡਾ ਤੇ ਹੋਰ ਹਾਜ਼ਰ ਸਨ। -ਪੀਟੀਆਈ