ਜੰਮੂ/ਨਵੀਂ ਦਿੱਲੀ, 20 ਅਗਸਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 21 ਅਤੇ 22 ਅਗਸਤ ਨੂੰ ਜੰਮੂ ਅਤੇ ਸ੍ਰੀਨਗਰ ਦਾ ਦੌਰਾ ਕਰਨਗੇ। ਦੋਵੇਂ ਆਗੂਆਂ ਵੱਲੋਂ ਇਹ ਦੌਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਜਾਵੇਗਾ। ਕਾਂਗਰਸ ਪ੍ਰਧਾਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਚਾਰ ਰਾਜਾਂ ਜਿਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਦੇ ਜਨਰਲ ਸਕੱਤਰਾਂ, ਇੰਚਾਰਜਾਂ ਅਤੇ ਸਕ੍ਰੀਨਿੰਗ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਇਸ ਦੌਰੇ ਸਬੰਧੀ ਫੈਸਲਾ ਕੀਤਾ ਗਿਆ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਐਕਸ ਨੂੰ ਕਿਹਾ, ‘‘21 ਅਤੇ 22 ਅਗਸਤ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਅਹਿਮ ਮੀਟਿੰਗਾਂ ਲਈ ਜੰਮੂ ਅਤੇ ਸ੍ਰੀਨਗਰ ਦਾ ਦੌਰਾ ਕਰਨਗੇ।’’ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਨੇ ਜੰਮੂ ਵਿੱਚ ਇਸ ਖਬਰ ਏਜੰਸੀ ਨੂੰ ਦੱਸਿਆ, ‘‘ਖੜਗੇ ਅਤੇ ਰਾਹੁਲ ਕੱਲ੍ਹ ਜੰਮੂ ਪਹੁੰਚਣਗੇ।’’ -ਪੀਟੀਆਈ