ਗੁੜਗਾਉਂ, 6 ਫਰਵਰੀ
ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਦੀਆਂ 34 ਮਹਿਲਾ ਮੁਲਾਜ਼ਮਾਂ ਦਾ ਪਹਿਲਾ ਜਥਾ ਅੱਜ ਜੰਗਲ ਵਾਰਫੇਅਰ ਕਮਾਂਡੋ ਫੋਰਸ ਦੀ ‘ਕੋਬਰਾ’ ਯੂਨਿਟ ’ਚ ਸ਼ਾਮਲ ਕੀਤਾ ਗਿਆ। ਇਸ ਦਸਤੇ ਨੂੰ ਜਲਦੀ ਹੀ ਦੇਸ਼ ਦੇ ਨਕਸਲ ਵਿਰੋਧੀ ਅਪਰੇਸ਼ਨਾਂ ਸਬੰਧੀ ਗਰਿੱਡ ’ਚ ਤੈਨਾਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇੰਟੈਲੀਜੈਂਸ ਅਧਾਰਤ ਜੰਗਲ ਯੁੱਧ ਅਪਰੇਸ਼ਨਾਂ ਤਹਿਤ ਦਿ ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ (ਕੋਬਰਾ) ਦੀ ਸਥਾਪਨਾ 2009 ਵਿੱਚ ਕੀਤੀ ਗਈ ਸੀ।
ਇਸ ਸਬੰਧ ’ਚ ਇੱਕ ਰਸਮੀ ਸਮਾਗਮ ਇੱਥੇ ਪਿੰਡ ਕਦਰਪੁਰ ਵਿੱਚ ਕੀਤਾ ਗਿਆ, ਜਿੱਥੇ ਹਾਜ਼ਰ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਏ.ਪੀ. ਮਹੇਸ਼ਵਰੀ ਨੇ ਚੁਣੇ ਗਏ ਮਹਿਲਾ ਦਸਤੇ ਦੀ ਡਰਿੱਲ ਦੇਖੀ। ਉਨ੍ਹਾਂ ਕਿਹਾ ਕਿ ਲਿੰਗ ਅਧਾਰਤ ਵਿਸ਼ਵਾਸਾਂ ਅਤੇ ਰੂੜੀਵਾਦ ਨੂੰ ਹਰਾਉਣ ਲਈ ਇਹ ਬਹੁਤ ਜ਼ਰੂਰੀ ਸੀ।
ਸੀਆਰਪੀਐੱਫ ਦੇ ਇੱਕ ਤਰਜਮਾਨ ਨੇ ਕਿਹਾ ਕਿ ‘ਕੋਬਰਾ’ ਲਈ ਇਸ ਮਹਿਲਾ ਦਸਤੇ ਵਿੱਚ ਸ਼ਾਮਲ ਮਹਿਲਾਵਾਂ ਸੀਆਰਪੀਐੱਫ ਦੀਆਂ ਮੌਜੂਦਾ ਸਾਰੀਆਂ ਛੇ ਮਹਿਲਾ ਬਟਾਲੀਅਨਾਂ ਵਿੱਚੋਂ ਚੁੁਣੀਆਂ ਗਈਆਂ ਹਨ। ਤਰਜਮਾਨ ਮੁਤਾਬਕ ਇਸ ਮਹਿਲਾ ਦਸਤੇ ਨੂੰ ਤਿੰਨ ਮਹੀਨੇ ਸਿਖਲਾਈ ਦਿੱਤੀ ਜਾਵੇਗੀ ਅਤੇ ਫਿਰ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਸੁਕਮਾ, ਦਾਂਤੇਵਾੜਾ ਅਤੇ ਬੀਜਾਪੁਰ ਵਿੱਚ ਤੈਨਾਤ ਕੋਬਰਾ ਯੂਨਿਟਾਂ ਨਾਲ ਜੋੜਿਆ ਜਾਵੇਗਾ। -ਪੀਟੀਆਈ