ਨਵੀਂ ਦਿੱਲੀ, 16 ਨਵੰਬਰ
ਪੇਂਡੂ ਸਥਾਨਕ ਸਰਕਾਰਾਂ ਵੱਲੋਂ ਟੈਕਸਾਂ ਰਾਹੀਂ ਇਕੱਤਰ ਆਪਣਾ ਔਸਤਨ ਮਾਲੀਆ 2017 ਤੋਂ 2022 ਦਰਮਿਆਨ ਸਿਰਫ਼ 59 ਰੁਪਏ ਪ੍ਰਤੀ ਵਿਅਕਤੀ ਰਿਹਾ ਹੈ। ਇਸ ਦੇ ਨਾਲ ਹੀ ਪੰਚਾਇਤਾਂ ਲਈ ਆਪਣੇ ਵਸੀਲਿਆਂ ਤੋਂ ਹਾਸਲ ਮਾਲੀਆ (ਓਐੱਸਆਰ) ਘੱਟ ਬਣਿਆ ਹੋਇਆ ਹੈ। ਪੰਚਾਇਤੀ ਰਾਜ ਮੰਤਰਾਲੇ ਮੁਤਾਬਕ 2017 ਤੋਂ 2022 ਦੌਰਾਨ ਪੇਂਡੂ ਸੰਸਥਾਵਾਂ ਨੂੰ ਵਧੇਰੇ ਵਿੱਤੀ ਆਜ਼ਾਦੀ ਦੇਣ ਲਈ ਓਐੱਸਆਰ ਵਧਾਉਣ ’ਤੇ ਜ਼ੋਰ ਦਿੱਤਾ ਗਿਆ। ਉਂਝ ਮੰਤਰਾਲੇ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ 2017 ਤੋਂ 2022 ਦਰਮਿਆਨ ਪੰਚਾਇਤਾਂ ਨੇ ਓਐੱਸਆਰ ਵਜੋਂ ਸਿਰਫ਼ 5,118.98 ਕਰੋੜ ਰੁਪਏ ਹੀ ਇਕੱਠੇ ਕੀਤੇ। ਇਹ ਰਕਮ ਦੇਸ਼ ਭਰ ’ਚ 2.25 ਲੱਖ ਗ੍ਰਾਮ ਪੰਚਾਇਤਾਂ ਲਈ ਪੰਜ ਸਾਲ ਦੀ ਮਿਆਦ ’ਚ ਪ੍ਰਤੀ ਵਿਅਕਤੀ 59 ਰੁਪਏ ਅਤੇ ਪ੍ਰਤੀ ਪੰਚਾਇਤ 2.27 ਲੱਖ ਰੁਪਏ ਹੈ। ਇਸੇ ਸਮੇਂ ਦੌਰਾਨ ਇਨ੍ਹਾਂ ਪੰਚਾਇਤਾਂ ਤਹਿਤ ਪੈਂਦੀ ਕੁੱਲ ਆਬਾਦੀ 86.95 ਕਰੋੜ ਤੋਂ ਵਧ ਸੀ। ਸੂਬਿਆਂ ’ਚੋਂ ਗੁਜਰਾਤ ਨੇ ਸਭ ਤੋਂ ਵਧ 829.75 ਕਰੋੜ ਰੁਪਏ ਓਐੱਸਆਰ ਵਜੋਂ ਜਮ੍ਹਾਂ ਕੀਤੇ। ਕੇਰਲਾ 802.95 ਕਰੋੜ ਰੁਪਏ ਜਮਾਂ ਕਰਕੇ ਦੂਜੇ ਸਥਾਨ ’ਤੇ ਰਿਹਾ। ਆਂਧਰਾ ਪ੍ਰਦੇਸ਼ ਨੇ 791.93 ਕਰੋੜ ਰੁਪਏ, ਕਰਨਾਟਕ ਨੇ 627.56 ਕਰੋੜ, ਤਾਮਿਲਨਾਡੂ ਨੇ 516.3 ਕਰੋੜ ਅਤੇ ਪੱਛਮੀ ਬੰਗਾਲ ਨੇ 435.17 ਕਰੋੜ ਰੁਪਏ ਜਮਾਂ ਕੀਤੇ। ਪ੍ਰਤੀ ਵਿਅਕਤੀ ਓਐੱਸਆਰ ਦੇ ਲਿਹਾਜ਼ ਨਾਲ ਗੋਆ 1,635 ਰੁਪਏ ਨਾਲ ਸੂਚੀ ’ਚ ਸਭ ਤੋਂ ਉਪਰ ਹੈ। ਉਸ ਤੋਂ ਬਾਅਦ ਪੁੱਡੂਚੇਰੀ (757 ਰੁਪਏ) ਦਾ ਨੰਬਰ ਹੈ। -ਪੀਟੀਆਈ
ਪੰਜਾਬ ਸਮੇਤ ਕੁਝ ਹੋਰ ਸੂਬਿਆਂ ਨੇ ਬਣਾਏ ਨੇ ਓਐੱਸਆਰ ਨੇਮ
ਨਵੀਂ ਦਿੱਲੀ: ਪੰਜਾਬ ਸਮੇਤ ਕੁਝ ਹੋਰ ਸੂਬਿਆਂ ਨੇ ਓਐੱਸਆਰ (ਆਪਣੇ ਵਸੀਲਿਆਂ ਤੋਂ ਹਾਸਲ ਮਾਲੀਆ) ਸਬੰਧੀ ਨੇਮ ਬਣਾਏ ਹਨ। ਪੰਚਾਇਤੀ ਰਾਜ ਮੰਤਰਾਲੇ ਵੱਲੋਂ ਵੱਖਰੇ ਤਰ੍ਹਾਂ ਦੇ ਕਰਵਾਏ ਗਏ ਸੰਮੇਲਨ ’ਚ ਪੰਚਾਇਤਾਂ ਵੱਲੋਂ ਆਪਣੇ ਖੁਦ ਦੇ ਵਸੀਲੇ ਜੁਟਾਉਣ ਦੇ ਮੁੱਦੇ ’ਤੇ ਚਰਚਾ ਹੋਈ। ਸੰਮੇਲਨ ’ਚ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਅਸਾਮ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਗੋਆ, ਗੁਜਰਾਤ, ਕਰਨਾਟਕ, ਕੇਰਲਾ, ਮਹਾਰਾਸ਼ਟਰ, ਮਿਜ਼ੋਰਮ, ਉੜੀਸਾ, ਤਾਮਿਲਨਾਡੂ, ਤਿਲੰਗਾਨਾ ਅਤੇ ਪੁੱਡੂਚੇਰੀ ਨੇ ਓਐੱਸਆਰ (ਆਪਣੇ ਵਸੀਲਿਆਂ ਤੋਂ ਹਾਸਲ ਮਾਲੀਆ) ਸਬੰਧੀ ਨਿਯਮ ਬਣਾਏ ਹਨ। ਸੰਮੇਲਨ ’ਚ 16ਵੇਂ ਵਿੱਤ ਕਮਿਸ਼ਨ ਦੇ ਨੁਮਾਇੰਦਿਆਂ, ਪੰਚਾਇਤੀ ਰਾਜ, ਪੇਂਡੂ ਵਿਕਾਸ, ਵਿੱਤ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਿਆਂ ਦੇ ਅਧਿਕਾਰੀਆਂ, ਮਾਹਿਰਾਂ ਅਤੇ ਹੋਰਾਂ ਨੇ ਹਿੱਸਾ ਲਿਆ। -ਪੀਟੀਆਈ