ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ ਸਰਕਾਰ ਡਿੱਗਣ ਮਗਰੋਂ ਆਮਦਨ ਕਰ ਵਿਭਾਗ ਦੇ ਮੁੰਬਈ ਯੂਨਿਟ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੂੰ ਅੱਜ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਨੋਟਿਸ ਉਨ੍ਹਾਂ ਹਲਫਨਾਮਿਆਂ ਦੀ ਛਾਣਬੀਣ ਮਗਰੋਂ ਜਾਰੀ ਕੀਤਾ ਗਿਆ ਹੈ ਜੋ ਕਿ ਸ਼ਰਦ ਪਵਾਰ ਵੱਲੋਂ ਚੋਣ ਕਮਿਸ਼ਨ ਅੱਗੇ ਵਰ੍ਹਾ 2004, 2014 ਤੇ 2020 ਵਿੱਚ ਦਾਇਰ ਕੀਤੇ ਗਏ ਸਨ। ਇਸੇ ਦੌਰਾਨ ਸ਼ਰਦ ਪਵਾਰ ਨੇ ਮਰਾਠੀ ਭਾਸ਼ਾ ਵਿੱਚ ਟਵੀਟ ਕਰਦਿਆਂ ਆਮਦਨ ਕਰ ਵਿਭਾਗ ਦਾ ਨੋਟਿਸ ਮਿਲਣ ਦੀ ਪੁਸ਼ਟੀ ਕੀਤੀ ਹੈ ਤੇ ਇਸ ਨੂੰ ‘ਪ੍ਰੇਮ ਪੱਤਰ’ ਦੱਸਿਆ ਹੈ। ਉਨ੍ਹਾਂ ਕਿਹਾ ‘ਮੈਨੂੰ ਪ੍ਰੇਮ ਪੱਤਰ ਮਿਲਿਆ ਹੈ। ਇਕ ਪ੍ਰੇਮ ਪੱਤਰ, ਜੋ ਕਿ ਆਮਦਨ ਕਰ ਵਿਭਾਗ ਨੇ ਚੋਣਾਂ ਸਬੰਧੀ ਹਲਫਨਾਮਿਆਂ ਦੇ ਸਬੰਧ ਵਿੱਚ ਭੇਜਿਆ ਹੈ।’ ਉਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਟਵੀਟ ਵਿੱਚ ਕਿਹਾ, ‘ਆਮਦਨ ਕਰ ਵਿਭਾਗ ਕੁਝ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ। ਇਸ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ ਤੇ ਕੁਝ ਲੋਕਾਂ ਬਾਰੇ ਜਾਣਕਾਰੀ ਪਿੱਛਲੇ ਕਈ ਸਾਲਾਂ ਤੋਂ ਇਕੱਠੀ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਨੂੰ ਜਾਂਚ ਏਜੰਸੀਆਂ ਰਾਹੀਂ ਘੇਰਿਆ ਜਾ ਰਿਹਾ ਹੈ।