ਨਵੀਂ ਦਿੱਲੀ, 15 ਅਕਤੂਬਰ
ਆਮਦਨ ਕਰ ਵਿਭਾਗ ਨੇ ਮੁੰਬਈ ਦੇ ਦੋ ਰੀਅਲ ਅਸਟੇਟ ਕਾਰੋਬਾਰੀ ਸਮੂਹਾਂ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜਿਤ ਪਵਾਰ ਦੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਕਰੀਬ 184 ਕਰੋੜ ਰੁਪਏ ਦੀ ਬੇਹਿਸਾਬੀ ਸੰਪਤੀ ਦਾ ਪਤਾ ਲਗਾਇਆ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਆਮਦਨ ਕਰ ਵਿਭਾਗ ਦੇ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਨੇ ਇਕ ਬਿਆਨ ਵਿਚ ਦੱਸਿਆ ਕਿ ਮੁੰਬਈ, ਪੁਣੇ, ਬਾਰਾਮਤੀ, ਗੋਆ ਅਤੇ ਜੈਪੁਰ ਵਿਚਲੇ 70 ਟਿਕਾਣਿਆਂ ’ਤੇ 7 ਅਕਤੂਬਰ ਨੂੰ ਛਾਪੇ ਮਾਰੇ ਗਏ ਸਨ। ਛਾਪਿਆਂ ਦੌਰਾਨ ਮਿਲੇ ਸਬੂਤਾਂ ਤੋਂ ਬੇਹਿਸਾਬ ਤੇ ਬੇਨਾਮੀ ਧਨ ਦੇ ਕਈ ਵਾਰ ਲੈਣ-ਦੇਣ ਦਾ ਪਤਾ ਲੱਗਿਆ। ਬਿਆਨ ਵਿਚ ਕਿਸੇ ਦਾ ਨਾਮ ਲਏ ਬਿਨਾ ਕਿਹਾ ਗਿਆ, ‘‘ਦੋਹਾਂ ਸਮੂਹਾਂ ਦੀ ਕਰੀਬ 184 ਕਰੋੜ ਰੁਪਏ ਦੀ ਬੇਹਿਸਾਬੀ ਆਮਦਨ ਦੇ ਸਬੂਤ ਮੁਹੱਈਆ ਕਰਵਾਉਣ ਵਾਲੇ ਦਸਤਾਵੇਜ਼ ਮਿਲੇ ਹਨ।’’ -ਪੀਟੀਆਈ