ਮਿਰਜ਼ਾਪੁਰ/ਮਊ, 26 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਨੂੰ ਫਿਰਕੂ ਤੇ ਜਾਤੀਵਾਦੀ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਗੱਠਜੋੜ ਵਿਚਲੀ ਪਾਰਟੀਆਂ ਨੇ ਸੰਵਿਧਾਨ ਬਦਲਣ ਦਾ ਫੈਸਲਾ ਕੀਤਾ ਹੈ ਤਾਂ ਕਿ ਮੁਸਲਮਾਨਾਂ ਨੂੰ ਰਾਖਵਾਂਕਰਨ ਦਿੱਤਾ ਜਾ ਸਕੇ। ਸ੍ਰੀ ਮੋਦੀ ਮਿਰਜ਼ਾਪੁਰ ਲੋਕ ਸਭਾ ਸੀਟ ਤੋਂ ‘ਅਪਨਾ ਦਲ’ ਦੀ ਉਮੀਦਵਾਰ ਅਨੂਪ੍ਰਿਆ ਪਟੇਲ ਤੇ ਰੌਬਰਟਗੰਜ ਸੀਟ ਤੋਂ ਉਮੀਦਵਾਰ ਰਿੰਕੀ ਕੋਲ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਸ੍ਰੀ ਮੋਦੀ ਨੇ ਕਿਹਾ, ‘‘ਦੇਸ਼ ਦੇ ਲੋਕਾਂ ਨੇ ਇੰਡੀਆ ਗੱਠਜੋੜ ਦੇ ਲੋਕਾਂ ਨੂੰ ਪਛਾਣ ਲਿਆ ਹੈ। ਇਹ ਲੋਕ ਸਿਰੇ ਦੇ ਫ਼ਿਰਕੂ, ਜਾਤੀਵਾਦੀ ਤੇ ਪਰਿਵਾਰਵਾਦੀ ਹਨ। ਜਦੋਂ ਕਦੇ ਵੀ ਇਨ੍ਹਾਂ ਦੀ ਸਰਕਾਰ ਬਣੀ ਹੈ ਇਹ ਇਸੇ ਅਧਾਰ ’ਤੇ ਫੈਸਲੇ ਲੈਂਦੇ ਰਹੇ ਹਨ।’’ ਉਨ੍ਹਾਂ ਸਮਾਜਵਾਦੀ ਪਾਰਟੀ ’ਤੇ ਯਾਦਵ ਭਾਈਚਾਰੇ ਦੀ ਪ੍ਰਤਿਭਾ ਨੂੰ ਨਜ਼ਰਅੰਦਾਜ਼ ਕਰਨ ਤੇ ਸਿਰਫ਼ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਨੂੰ ਟਿਕਟ ਦੇਣ ਦਾ ਦੋਸ਼ ਲਾਇਆ। ਯੂਪੀ ਦੇ ਮਊ ਵਿਚ ਵੱਖਰੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸਮਾਜਵਾਦੀ ਪਾਰਟੀ ਤੇ ਕਾਂਗਰਸ ’ਤੇ ਪੂਰਵਾਂਚਲ ਨੂੰ ਨਜ਼ਰਅੰਦਾਜ਼ ਕਰਨ ਤੇ ਇਸ ਨੂੰ ‘ਮਾਫ਼ੀਆ, ਗਰੀਬੀ ਅਤੇ ਲਾਚਾਰੀ ਦੇ ਖੇਤਰ’ ਵਿਚ ਬਦਲਣ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਸਾਜ਼ਿਸ਼ ਤਹਿਤ ਪੂਰਵਾਂਚਲ ਨੂੰ ਪੱਛੜਿਆ ਰੱਖਿਆ ਗਿਆ ਤੇ ਇਸ ਖਿੱਤੇ ਦੇ ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ। ਪੀਟੀਆਈ