ਨਵੀਂ ਦਿੱਲੀ, 18 ਜੁਲਾਈ
ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨੈਨ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਦੀ ਪੈਰਿਸ ਯਾਤਰਾ ਦੌਰਾਨ ਲੰਮੇ ਸਮੇਂ ਲਈ ਸਹਿਯੋਗ ਦੀ ਰੂਪ-ਰੇਖਾ ਤਹਿਤ ਫਰਾਂਸ ਤੇ ਭਾਰਤ ਨਵੀਂ ਪੀੜ੍ਹੀ ਦੇ ਫ਼ੌਜੀ ਉਪਕਰਨ ਸੰਯੁਕਤ ਰੂਪ ਵਿਚ ਵਿਕਸਿਤ ਕਰਨ ਲਈ ਸਹਿਮਤ ਹੋਏ ਹਨ। ਭਾਰਤ ਵਿਚ ਫਰਾਂਸ ਦੇ ਰਾਜਦੂਤ ਨੇ ਕਿਹਾ ਕਿ ਭਾਰਤ ਨਾਲ ਸਬੰਧਾਂ ਦੇ ਵਿਸਤਾਰ ਬਾਰੇ ਫਰਾਂਸ ਵਿਚ ‘ਅਸਲ’ ’ਚ ਰਾਜਨੀਤਕ ਸਹਿਮਤੀ ਹੈ। ਉਨ੍ਹਾਂ ਕਿਹਾ ਕਿ ਉੱਥੇ ਹਰ ਕਿਸੇ ਦਾ ਰੁਖ ਸਹਿਯੋਗ ਵਾਲਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ 13-14 ਜੁਲਾਈ ਨੂੰ ਪੈਰਿਸ ਦੀ ਯਾਤਰਾ ਕੀਤੀ ਸੀ। ਲੇਨੈਨ ਨੇ ਕਿਹਾ ਦੋਵੇਂ ਧਿਰਾਂ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਵਧਾਉਣ ਪ੍ਰਤੀ ਵਚਨਬੱਧ ਹਨ। ਗੌਰਤਲਬ ਹੈ ਕਿ ਭਾਰਤ ਵੱਲੋਂ ਫਰਾਂਸ ਤੋਂ 26 ਰਾਫਾਲ-ਐਮ ਲੜਾਕੂ ਜਹਾਜ਼ਾਂ ਤੇ ਤਿੰਨ ਸਕੌਰਪੀਨ ਪਣਡੁੱਬੀਆਂ ਦੀ ਤਜਵੀਜ਼ਤ ਖ਼ਰੀਦ ਨਾਲ ਸਬੰਧਤ ਲਾਗਤ ਤੇ ਤਕਨੀਕੀ-ਵਪਾਰਕ ਵੇਰਵਿਆਂ ਉਤੇ ਗੱਲਬਾਤ ਅਜੇ ਪੂਰੀ ਨਹੀਂ ਹੋਈ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਜਨਤਕ ਖੇਤਰ ਦੇ ਸਮੁੰਦਰੀ ਜਹਾਜ਼ ਨਿਰਮਾਤਾ- ਮਜ਼ਗਾਓਂ ਡੌਕ ਲਿਮਟਿਡ (ਐਮਡੀਐਲ) ਤੇ ਫਰਾਂਸੀਸੀ ਰੱਖਿਆ ਕੰਪਨੀ ਨੇਵਲ ਗਰੁੱਪ ਨੇ ਸਕੌਰਪੀਨ ਪਣਡੁੱਬੀ ਯੋਜਨਾ ਲਈ ਛੇ ਜੁਲਾਈ ਨੂੰ ਰੂਪ-ਰੇਖਾ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਸੀ, ਪਰ ਮੁੱਲ ਤੇ ਹੋਰ ਤਕਨੀਕੀ ਪਹਿਲੂਆਂ ਉਤੇ ਹਾਲੇ ਗੱਲਬਾਤ ਨਹੀਂ ਹੋਈ ਹੈ। ਜਲ ਸੈਨਾ ਲਈ ਵਰਤੇ ਜਾਣ ਵਾਲੇ ਰਾਫਾਲ ਦੇ ਰੂਪ (ਰਾਫਾਲ-ਐਮ) ਦੀ ਖਰੀਦ ਸਬੰਧੀ ਸੂਤਰਾਂ ਨੇ ਕਿਹਾ ਕਿ ਤਕਨੀਕੀ-ਵਪਾਰਕ ਪਹਿਲੂਆਂ ਉਤੇ ਚਰਚਾ ਪੂਰੀ ਹੋਣ ਤੋਂ ਬਾਅਦ ਸੌਦੇ ’ਤੇ ਆਖਰੀ ਮੋਹਰ ਲਾ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵਿਚਾਲੇ ਹੋਈ ਗੱਲਬਾਤ ’ਚ ਵਿਆਪਕ ਭਾਰਤ-ਫਰਾਂਸ ਰੱਖਿਆ ਸਹਿਯੋਗ, ਅਹਿਮ ਸੈਨਿਕ ਪਲੈਟਫਾਰਮਾਂ ਦਾ ਸਾਂਝਾ ਵਿਕਾਸ ਅਤੇ ਉਤਪਾਦਨ ਕਰਨ ਉਤੇ ਧਿਆਨ ਕੇਂਦਰਤ ਕੀਤਾ ਗਿਆ ਸੀ। -ਪੀਟੀਆਈ