ਨਵੀਂ ਦਿੱਲੀ, 19 ਦਸੰਬਰ
ਭਾਰਤ ਤੇ ਪੰਜ ਕੇਂਦਰੀ ਏਸ਼ਿਆਈ ਮੁਲਕਾਂ ਨੇ ਅਫ਼ਗਾਨਿਸਤਾਨ ਦੇ ਲੋਕਾਂ ਦੀ ਤੁਰੰਤ ਮਦਦ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਫ਼ਗਾਨ ਖਿੱਤੇ ਦੀ ਵਰਤੋਂ ਅਤਿਵਾਦੀਆਂ ਨੂੰ ਆਸਰਾ ਤੇ ਸਿਖ਼ਲਾਈ ਦੇਣ, ਹਮਲਿਆਂ ਦੀ ਯੋਜਨਾ ਬਣਾਉਣ ਤੇ ਦਹਿਸ਼ਤਗਰਦੀ ਦੀ ਵਿੱਤੀ ਮਦਦ ਲਈ ਨਹੀਂ ਹੋਣੀ ਚਾਹੀਦੀ। ਤੀਜੇ ਭਾਰਤ-ਕੇਂਦਰੀ ਏਸ਼ੀਆ ਸੰਵਾਦ ਵਿਚ ਇਨ੍ਹਾਂ ਸਾਰੇ ਮੁਲਕਾਂ ਨੇ ਸ਼ਾਂਤੀਪੂਰਨ, ਸੁਰੱਖਿਅਤ ਤੇ ਸਥਿਰ ਅਫ਼ਗਾਨਿਸਤਾਨ ਦਾ ਪੱਖ ਪੂਰਿਆ। ਇਸ ਦੇ ਨਾਲ ਹੀ ਉਨ੍ਹਾਂ ਜੰਗ ਦੇ ਸ਼ਿਕਾਰ ਇਸ ਮੁਲਕ ਦੀ ਏਕਤਾ, ਅਖੰਡਤਾ ਤੇ ਖ਼ੁਦਮੁਖਤਿਆਰੀ ਦਾ ਮਾਣ ਰੱਖਣ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਸੰਵਾਦ ਵਿਚ ਕਜ਼ਾਖ਼ਸਤਾਨ, ਕਿਰਗਿਜ਼ ਗਣਰਾਜ, ਤਾਜਿਕਿਸਤਾਨ, ਤੁਰਕਮੇਨਿਸਤਾਨ ਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਹਿੱਸਾ ਲਿਆ। ਇਸ ਦੀ ਮੇਜ਼ਬਾਨੀ ਭਾਰਤ ਨੇ ਦਿੱਲੀ ਵਿਚ ਕੀਤੀ। ਮੰਤਰੀਆਂ ਨੇ ਬੈਠਕ ਵਿਚ ਅਫ਼ਗਾਨਿਸਤਾਨ ਦੀ ਵਰਤਮਾਨ ਸਥਿਤੀ, ਮਨੁੱਖੀ ਸੰਕਟ ਤੇ ਲੋਕਾਂ ਨੂੰ ਮਦਦ ਭੇਜਣ ਬਾਰੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਇਸ ਮੌਕੇ ਅਤਿਵਾਦ ਨੂੰ ਪਨਾਹ ਦੇਣ ਖ਼ਿਲਾਫ਼ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਮਤਾ ਵੀ ਵਿਚਾਰਿਆ। ਮੰਤਰੀ ਅਫ਼ਗਾਨਿਸਤਾਨ ਦੀ ਸਥਿਤੀ ’ਤੇ ਨੇੜਿਓਂ ਤਾਲਮੇਲ ਕਰਨ ਲਈ ਵੀ ਸਹਿਮਤ ਹੋਏ। ਸਾਂਝੇ ਬਿਆਨ ਵਿਚ ਕਿਹਾ ਗਿਆ ਕਿ, ‘ਦਿੱਲੀ ਵਿਚ ਹੋਏ ਖੇਤਰੀ ਸੁਰੱਖਿਆ ਸੰਵਾਦ ਮੌਕੇ ਮੰਤਰੀਆਂ ਦਰਮਿਆਨ ਅਫ਼ਗਾਨਿਸਤਾਨ ਨਾਲ ਜੁੜੇ ਮੁੱਦਿਆਂ ’ਤੇ ਵਿਆਪਕ ਸਹਿਮਤੀ ਬਣੀ, ਇਨ੍ਹਾਂ ਵਿਚ ਹਰੇਕ ਵਰਗ ਦੀ ਸ਼ਮੂਲੀਅਤ ਵਾਲੀ ਸਰਕਾਰ ਦਾ ਗਠਨ ਵੀ ਸ਼ਾਮਲ ਹੈ ਜੋ ਅਤਿਵਾਦ ਤੇ ਨਸ਼ਾ ਤਸਕਰੀ ਖ਼ਿਲਾਫ਼ ਪ੍ਰਭਾਵੀ ਸਾਬਿਤ ਹੋਵੇ।’ ਬੈਠਕ ਵਿਚ ਔਰਤਾਂ, ਬੱਚਿਆਂ ਤੇ ਹੋਰਨਾਂ ਭਾਈਚਾਰਿਆਂ ਦੇ ਹੱਕਾਂ ਦੀ ਰਾਖੀ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਵਾਦ ਦੇ ਸ਼ੁਰੂਆਤ ਵਿਚ ਹੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਫ਼ਗਾਨਾਂ ਦੀ ਮਦਦ ਲਈ ਰਾਹ ਲੱਭਣ ਉਤੇ ਜ਼ੋਰ ਦਿੱਤਾ। ਜੈਸ਼ੰਕਰ ਨੇ ਕਿਹਾ ਕਿ ਭਾਰਤ ਕੇਂਦਰੀ ਏਸ਼ੀਆ ਨਾਲ ਆਪਣੇ ਰਿਸ਼ਤਿਆਂ ਨੂੰ ਹੋਰ ਉਚਾਈ ਉਤੇ ਲਿਜਾਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਲਈ ਵਣਜ, ਸਮਰੱਥਾ ਵਿਕਸਿਤ ਕਰਨ, ਸੰਪਰਕ ਤੇ ਤਾਲਮੇਲ ਵਧਾਉਣ ਉਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। -ਪੀਟੀਆਈ
ਪਾਕਿਸਤਾਨ ’ਚ ਵੀ ਮੁਸਲਿਮ ਮੁਲਕਾਂ ਦੀ ਅਫ਼ਗਾਨਿਸਤਾਨ ਬਾਰੇ ਬੈਠਕ
ਇਸਲਾਮਾਬਾਦ: ਮੁਸਲਿਮ ਮੁਲਕਾਂ ਦੇ ਪ੍ਰਤੀਨਿਧੀਆਂ ਦੀ ਇੱਥੇ ਹੋਈ ਇਕ ਵਿਸ਼ੇਸ਼ ਮੀਟਿੰਗ ਵਿਚ ਅਫ਼ਗਾਨਿਸਤਾਨ ਦੇ ਸੰਕਟ ਉਤੇ ਵਿਚਾਰ ਕੀਤਾ ਗਿਆ। ਇਨ੍ਹਾਂ ਮੁਲਕਾਂ ਨੇ ਮੰਨਿਆ ਕਿ ਉੱਥੇ ਮਨੁੱਖੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਇਸ ਲਈ ਕਦਮ ਚੁੱਕਣ ਦਾ ਸੱਦਾ ਦਿੱਤਾ। ਇਸਲਾਮਿਕ ਤਾਲਮੇਲ ਸੰਗਠਨ (ਓਆਈਸੀ) ਦੇ ਇਕ ਸੈਸ਼ਨ ਦੀ ਮੇਜ਼ਬਾਨੀ ਪਾਕਿਸਤਾਨ ਵੱਲੋਂ ਸਾਊਦੀ ਅਰਬ ਦੀ ਤਜਵੀਜ਼ ਉਤੇ ਕੀਤੀ ਜਾ ਰਹੀ ਹੈ। ਇਸ ਵਿਚ ਸੰਸਾਰ ਦਾ ਧਿਆਨ ਅਫ਼ਗਾਨ ਸੰਕਟ ਵੱਲ ਖਿੱਚਣ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਭਾਸ਼ਣ ਵਿਚ ਅਮਰੀਕਾ ਨੂੰ ਤਾਲਿਬਾਨ ਪ੍ਰਤੀ ਉਸ ਨੀਤੀ ਨਾਲੋਂ ਨਾਤਾ ਤੋੜਨ ਲਈ ਕਿਹਾ ਹੈ ਜੋ ਇਸ ਸੰਗਠਨ ਨੂੰ ਅਫ਼ਗਾਨਿਸਤਾਨ ਦੇ ਚਾਰ ਕਰੋੜ ਲੋਕਾਂ ਨਾਲ ਜੋੜਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੰਸਾਰ ਹੁਣ ਕਦਮ ਨਹੀਂ ਚੁੱਕਦਾ ਤਾਂ ਇਹ ਮਨੁੱਖ ਦਾ ਪੈਦਾ ਕੀਤਾ ਸਭ ਤੋਂ ਵੱਡਾ ਸੰਕਟ ਬਣ ਜਾਵੇਗਾ। -ਪੀਟੀਆਈ