ਨਵੀਂ ਦਿੱਲੀ, 1 ਜੁਲਾਈ
ਭਾਰਤ ਅਤੇ ਪਾਕਿਸਤਾਨ ਨੇ ਇੱਕ ਦੂਜੇ ਦੀਅ ਜੇਲ੍ਹਾਂ ਵਿਚ ਬੰਦ ਨਾਗਰਿਕ ਕੈਦੀਆਂ ਅਤੇ ਮਛੇਰਿਆਂ ਬਾਰੇ ਵੇਰਵੇ ਸਾਂਝੇ ਕੀਤੇ ਹਨ । ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਦੇ ਯਤਨਾਂ ਸਦਕਾ 2014 ਤੋਂ ਹੁਣ ਤੱਕ 2639 ਮਛੇਰੇ ਅਤੇ 71 ਨਾਗਰਿਕ ਕੈਦੀਆਂ ਨੂੰ ਪਾਕਿਸਤਾਨ ਤੋਂ ਵਾਪਸ ਲਿਆਂਦਾ ਗਿਆ ਹੈ।ਮੰਤਰਾਲੇ ਨੇ ਦੱਸਿਆ ਕਿ ਦੁਵੱਲੇ ਸਮਝੌਤੇ ਸਫਾਰਤੀ ਸਰਾਈ 2008 ਤਹਿਤ ਹਰ ਸਾਲ 1 ਜਨਵਰੀ ਅਤੇ 1 ਜੁਲਾਈ ਨੂੰ ਸੂਚੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਭਾਰਤ ਨੇ ਆਪਣੀ ਹਿਰਾਸਤ ਵਿਚ ਰੱਖੇ 266 ਨਾਗਰਿਕਾਂ ਅਤੇ 86 ਮਛੇਰਿਆਂ ਬਾਰੇ ਪਾਕਿਸਤਾਨ ਨਾਲ ਵੇਰਵੇ ਸਾਂਝੇ ਕੀਤੇ। ਇਸੇ ਤਰ੍ਹਾ ਪਾਕਿਸਤਾਨ ਨੇ 43 ਨਾਗਰਿਕਾਂ ਅਤੇ 211 ਮਛੇਰਿਆਂ ਦੇ ਨਾਂ ਸਾਂਝੇ ਕੀਤੇ।
ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਨਾਗਰਿਕ ਕੈਦੀਆਂ, ਮਛੇਰਿਆਂ ਅਤੇ ਪਾਕਿਸਤਾਨ ਦੀ ਹਿਰਾਸਤ ਵਿੱਚੋਂ ਲਾਪਤਾ ਭਾਰਤੀ ਰੱਖਿਆ ਕਰਮਚਾਰੀਆਂ ਦੀ ਜਲਦੀ ਰਿਹਾਈ ਅਤੇ ਵਾਪਸੀ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ 185 ਭਾਰਤੀ ਮਛੇਰਿਆਂ ਅਤੇ ਨਾਗਰਿਕ ਕੈਦੀਆਂ ਦੀ ਰਿਹਾਈ ਅਤੇ ਵਾਪਸੀ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ, ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ।
ਭਾਰਤ ਦੀ ਹਿਰਾਸਤ ਵਿੱਚ 75 (ਮੰਨੇ ਜਾਣ ਵਾਲੇ ਪਾਕਿਸਤਾਨੀ) ਨਾਗਰਿਕ ਕੈਦੀਆਂ ਅਤੇ ਮਛੇਰਿਆਂ ਦੀ ਨਾਗਰਿਕਤਾ ਤਸਦੀਕ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਭਾਰਤ ਨੇ ਪਾਕਿਸਤਾਨ ਨੂੰ ਕੀਤੀ ਹੈ, ਜਿਨ੍ਹਾਂ ਦੀ ਪਾਕਿਸਤਾਨ ਤੋਂ ਨਾਗਰਿਕਤਾ ਦੀ ਪੁਸ਼ਟੀ ਨਾ ਹੋਣ ਕਾਰਨ ਦੇਸ਼ ਵਾਪਸੀ ਲੰਬਿਤ ਹੈ।-ਪੀਟੀਆਈ