ਅਸ਼ਗਾਬਾਤ, 2 ਅਪਰੈਲ
ਭਾਰਤ ਤੇ ਤੁਰਕਮੇਨਿਸਤਾਨ ਨੇ ਅੱਜ ਆਫ਼ਤ ਪ੍ਰਬੰਧਨ ਤੇ ਵਿੱਤੀ ਚੌਕਸੀ ਸਮੇਤ ਸਹਿਯੋਗ ਲਈ ਚਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤੁਰਕਮੇਨਿਸਤਾਨ ਦੇ ਆਪਣੇ ਹਮਰੁਤਬਾ ਸਿਰਦਾਰ ਬਰਦੀਮੁਹਾਮੇਦੋਵ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਤੇ ਖੇਤਰੀ ਸਹਿਯੋਗ ਬਾਰੇ ਚਰਚਾ ਕੀਤੀ। ਬੀਤੇ ਦਿਨ ਇੱਥੇ ਤਿੰਨ ਰੋਜ਼ਾ ਯਾਤਰਾ ’ਤੇ ਆਏ ਰਾਸ਼ਟਰਪਤੀ ਕੋਵਿੰਦ ਨੂੰ ਇੱਥੇ ਗਾਰਡ ਆਫ ਆਨਰ ਦਿੱਤਾ ਗਿਆ। ਆਪਣੀ ਯਾਤਰਾ ਦੌਰਾਨ ਉਹ ਸਰੋਤਾਂ ਨਾਲ ਭਰਪੂਰ ਇਸ ਮੱਧ ਏਸ਼ਿਆਈ ਮੁਲਕ ਨਾਲ ਦੁਵੱਲੇ ਸਬੰਧਾਂ ਨੂੰ ਉਤਸ਼ਾਹ ਦੇਣ ਦੇ ਢੰਗਾਂ ਬਾਰੇ ਚਰਚਾ ਕਰਨਗੇ। ਭਾਰਤ ਦੇ ਰਾਸ਼ਟਰਪਤੀ ਦੀ ਆਜ਼ਾਦ ਤੁਰਕਮੇਨਿਸਤਾਨ ਦੀ ਇਹ ਪਹਿਲੀ ਯਾਤਰਾ ਹੈ ਜੋ ਰਾਸ਼ਟਰਪਪਤੀ ਬਰਦੀਮੁਹਾਮੇਦੋਵ ਵੱਲੋਂ ਅਹੁਦਾ ਸੰਭਾਲੇ ਜਾਣ ਤੋਂ ਕੁਝ ਦਿਨ ਬਾਅਦ ਹੋਈ ਹੈ। ਰਾਸ਼ਟਰਪਤੀ ਭਵਨ ਦੇ ਅਧਿਕਾਰਤ ਟਵਿੱਟਰ ਅਕਾਊਂਟ ’ਚ ਕਿਹਾ ਗਿਆ ਹੈ, ‘ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਸਿਰਦਾਰ ਬਰਦੀਮੁਹਾਮੇਦੋਵ ਵਿਚਾਲੇ ਮੀਟਿੰਗ ਤੋਂ ਬਾਅਦ ਵਫ਼ਦ ਪੱਧਰ ਦੀ ਵਾਰਤਾ ਹੋਈ।
ਆਗੂਆਂ ਨੇ ਭਾਰਤ-ਮੱਧ ਏਸ਼ੀਆ ਸਿਖਰ ਸੰਮੇਲਨ ਦੀ ਰੂਪ-ਰੇਖਾ ਸਮੇਤ ਦੁਵੱਲੇ ਤੇ ਖੇਤਰੀ ਸਹਿਯੋਗ ਦੇ ਮੁੱਦਿਆਂ ’ਤੇ ਚਰਚਾ ਕੀਤੀ।’ ਇੱਕ ਹੋਰ ਟਵੀਟ ’ਚ ਕਿਹਾ ਗਿਆ, ‘ਰਾਸ਼ਟਰਪਤੀ ਕੋਵਿੰਦ ਤੇ ਰਾਸ਼ਟਰਪਤੀ ਬਰਦੀਮੁਹਾਮੇਦੋਵ ਦੀ ਹਾਜ਼ਰੀ ’ਚ ਭਾਰਤ ਤੇ ਤੁਰਕਮੇਨਿਸਤਾਨ ਵਿਚਾਲੇ ਆਫ਼ਤ ਪ੍ਰਬੰਧਨ, ਵਿੱਤੀ ਚੌਕਸੀ, ਸੱਭਿਆਚਾਰ ਤੇ ਨੌਜਵਾਨਾਂ ਸਬੰਧੀ ਮਾਮਲਿਆਂ ’ਚ ਸਹਿਯੋਗ ਲਈ ਚਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ।’ ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ, ਤੁਰਕਮੇਨਿਸਤਾਨ ਨਾਲ ਆਪਣੇ ਸਬੰਧਾਂ ਨੂੰ ਮਹੱਤਵ ਦਿੰਦਾ ਹੈ। -ਪੀਟੀਆਈ