ਨਵੀਂ ਦਿੱਲੀ: ਭਾਰਤ ਤੇ ਬੰਗਲਾਦੇਸ਼ ਨੇ ਅੱਜ ਕੌਮਾਂਤਰੀ ਅਤਿਵਾਦੀ ਸੰਗਠਨਾਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮਾਂ ਵਿੱਢਣ ਲਈ ਸਹਿਮਤੀ ਜ਼ਾਹਿਰ ਕੀਤੀ ਹੈ। ਇਸ ਤੋਂ ਇਲਾਵਾ ਭਗੌੜਿਆਂ ਖ਼ਿਲਾਫ਼ ਵੀ ਲੜਾਈ ਤੇਜ਼ ਕਰਨ ਲਈ ਦੋਵੇਂ ਮੁਲਕ ਸਹਿਮਤ ਹੋਏ ਹਨ। ਦੋਵਾਂ ਮੁਲਕਾਂ ਦੇ ਪੁਲੀਸ ਮੁਖੀਆਂ ਦੇ ਪਹਿਲੇ ਵਫ਼ਦ ਪੱਧਰੀ ਆਨਲਾਈਨ ਸੰਵਾਦ ਵਿਚ ‘ਨੋਡਲ ਪੁਆਇੰਟ’ ਕਾਇਮ ਕਰਨ ’ਤੇ ਵੀ ਸਹਿਮਤੀ ਬਣੀ ਹੈ। ਇਨ੍ਹਾਂ ਰਾਹੀਂ ਸੁਰੱਖਿਆ ਤੇ ਅਤਿਵਾਦ ਦੀਆਂ ਚੁਣੌਤੀਆਂ ਨਾਲ ਨਜਿੱਠਿਆ ਜਾਵੇਗਾ। ਇੱਥੇ ਦੋਵੇਂ ਮੁਲਕ ਖ਼ੁਫ਼ੀਆ ਜਾਣਕਾਰੀ ਵੀ ਲਗਾਤਾਰ ਸਾਂਝੀ ਕਰਨਗੇ ਤੇ ਇਕ-ਦੂਜੇ ਨੂੰ ਸੁਝਾਅ ਵੀ ਦੇਣਗੇ। ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਹੱਦ ’ਤੇ ਅਪਰਾਧਿਕ ਗਤੀਵਿਧੀਆਂ, ਡਰੱਗ ਤਸਕਰੀ, ਜਾਅਲੀ ਨੋਟਾਂ, ਹਥਿਆਰਾਂ ਤੇ ਮਨੁੱਖੀ ਤਸਕਰੀ ’ਤੇ ਲਗਾਮ ਕੱਸਣ ਲਈ ਸਹਿਯੋਗ ਵਧਾਇਆ ਜਾਵੇਗਾ। ਬੰਗਲਾਦੇਸ਼ ਦੇ ਹਥਿਆਰਬੰਦ ਬਲਾਂ ਦੇ 122 ਜਵਾਨਾਂ ਦਾ ਦਸਤਾ ਇਸ ਵਾਰ ਭਾਰਤ ਦੀ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਵੀ ਬਣੇਗਾ।
-ਪੀਟੀਆਈ