ਇਸਲਾਮਾਬਾਦ/ਕਰਾਚੀ, 30 ਜੂਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਸੰਸਦ ਵਿੱਚ ਕਰਾਚੀ ਸਥਿਤ ਪਾਕਿਸਤਾਨ ਸਟਾਕ ਐਕਸਚੇਂਜ ਦੇ ਦਫ਼ਤਰ ’ਤੇ ਹੋਏ ਦਹਿਸ਼ਤੀ ਹਮਲੇ ਦਾ ਮੁੱਦਾ ਚੁੱਕਦਿਆਂ ਇਸ ਦੇ ਦੋਸ਼ ਭਾਰਤ ਸਿਰ ਮੜ੍ਹੇ। ਊਨ੍ਹਾਂ ਕਿਹਾ, ‘‘ਮੁੰਬਈ ਵਿੱਚ ਕੀ ਹੋਇਆ ਸੀ, ਊਹ ਇਹੀ ਕਰਨਾ ਚਾਹੁੰਦੇ ਸੀ। ਊਹ ਅਨਿਸ਼ਚਿਚਤਾ ਫੈਲਾਊਣਾ ਚਾਹੁੰਦੇ ਸੀ। ਸਾਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਭਾਰਤ ਵਲੋਂ ਕੀਤਾ ਗਿਆ ਹੈ।’’
ਇਸੇ ਦੌਰਾਨ ਪਾਬੰਦੀਸ਼ੁਦਾ ਵੱਖਵਾਦੀ ਗੁੱਟ ਬਲੋਚਿਸਤਾਨ ਲਬਿਰੇਸ਼ਨ ਆਰਮੀ ਨੇ ਪਾਕਿਸਤਾਨ ਸਟਾਕ ਐਕਸਚੇਂਜ ’ਤੇ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਹਮਲਾ ਚੀਨ ਅਤੇ ਪਾਕਿਸਤਾਨ ਦੀ ਆਰਥਿਕਤਾ ਨੂੰ ਸੱਟ ਮਾਰਨ ਲਈ ਕੀਤਾ ਗਿਆ ਹੈ, ਕਿਉਂਕ ਉਹ ਬਲੋਚਿਸਤਾਨ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ। ਸੋਮਵਾਰ ਨੂੰ ਹਮਲੇ ਤੋਂ ਬਾਅਦ ਬੀਐੱਲਏ ਨੇ ਮੀਡੀਆ ਨੂੰ ਈਮੇਲ ਰਾਹੀਂ ਸੁਨੇਹਾ ਜਾਰੀ ਕਰਦਿਆਂ ਪੁਸ਼ਟੀ ਕੀਤੀ ਕਿ ਉਸ ਦੀ ਮਜੀਦ ਬ੍ਰਿਗੇਡ ਨੇ ਇਹ ਹਮਲਾ ਕੀਤਾ ਹੈ। ਉਸ ਨੇ ਚਾਰੇ ਦਹਿਸ਼ਤਗਰਦਾਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਬੀਐੱਲਏ ਨੇ ਕਿਹਾ ਕਿ ਇਸ ਹਮਲੇ ਦਾ ਮਕਸਦ ਪਾਕਿਸਤਾਨ ਅਤੇ ਚੀਨ ਦੀ ਬਲੋਚਿਸਤਾਨ ਵਿੱਚ ਦਖ਼ਲਅੰਦਾਜ਼ੀ ਕਾਰਨ ਉਨ੍ਹਾਂ ਦੀ ਆਰਥਿਕਤਾ ਨੂੰ ਨਿਸ਼ਾਨਾ ਬਣਾਉਣਾ ਸੀ। ਚੀਨੀ ਕੰਪਨੀਆਂ ਪਾਕਿਸਤਾਨੀ ਸਟਾਕ ਐਕਸਚੇਂਜ ’ਚ ਨਿਵੇਸ਼ ਲਈ ਬਹੁਤ ਉਤਸ਼ਾਹਿਤ ਹਨ। -ਪੀਟੀਆਈ