ਕੇਵੜੀਆ (ਗੁਜਰਾਤ), 7 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਚੌਥੇ ਸਨਅਤੀ ਇਨਕਲਾਬ ਦੀ ਅਗਵਾਈ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਲਕ ਨੂੰ ਦੁਨੀਆ ਦਾ ਮੈਨੂਫੈਕਚਰਿੰਗ ਕੇਂਦਰ ਬਣਾਉਣ ਲਈ ਸੁਧਾਰਾਂ ’ਤੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਚੌਥਾ ਸਨਅਤੀ ਇਨਕਲਾਬ ਨਵੀਂ ਤਕਨਾਲੋਜੀ ਬਾਰੇ ਹੋਵੇਗਾ। ਸ੍ਰੀ ਮੋਦੀ ਨੇ ਇਕ ਸੁਨੇਹੇ ਰਾਹੀਂ ਕਿਹਾ,‘‘ਵੱਖ ਵੱਖ ਕਾਰਨਾਂ ਕਰਕੇ ਭਾਰਤ ਪਹਿਲਾਂ ਦੇ ਸਨਅਤੀ ਇਨਕਲਾਬਾਂ ਦਾ ਹਿੱਸਾ ਬਣਨ ਤੋਂ ਖੁੰਝ ਗਿਆ ਸੀ ਪਰ ਹੁਣ ਭਾਰਤ ’ਚ ਸਨਅਤੀ 4.0 ਦੀ ਅਗਵਾਈ ਕਰਨ ਦੀ ਸਮਰੱਥਾ ਹੈ ਕਿਉਂਕਿ ਪਹਿਲੀ ਵਾਰ ਸਾਡੇ ਕੋਲ ਭੂਗੋਲਿਕ, ਮੰਗ ਅਤੇ ਫ਼ੈਸਲੇ ਲੈਣ ਵਾਲੀ ਸਰਕਾਰ ਵਰਗੇ ਵੱਖ ਵੱਖ ਕਾਰਨ ਮੌਜੂਦ ਹਨ।’’ ਪ੍ਰਧਾਨ ਮੰਤਰੀ ਦਾ ਸੁਨੇਹਾ ਇੰਡਸਟਰੀ 4.0 ਬਾਰੇ ਕਾਨਫਰੰਸ ’ਚ ਭਾਰੀ ਸਨਅਤਾਂ ਦੇ ਮੰਤਰਾਲੇ ਦੇ ਸੰਯੁਕਤ ਸਕੱਤਰ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਸ੍ਰੀ ਮੋਦੀ ਨੇ ਕਿਹਾ ਕਿ ਸਨਅਤ ਅਤੇ ਉੱਦਮੀ ਭਾਰਤ ਲਈ ਅਹਿਮ ਕੜੀ ਹਨ ਅਤੇ ਦੋਵੇਂ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰੀ ਸਨਅਤਾਂ ਬਾਰੇ ਮੰਤਰੀ ਮਹੇਂਦਰ ਨਾਥ ਪਾਂਡੇ ਨੇ ਕਿਹਾ ਕਿ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ ਕਈ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਡਵਾਂਸਡ ਕੈਮਿਸਟਰੀ ਸੈੱਲ ਬੈਟਰੀ ਸਟੋਰੇਜ ਲਈ ਉਤਪਾਦਨ ਆਧਾਰਿਤ ਰਾਹਤ ਯੋਜਨਾ ਦਿੱਤੀ ਜਾ ਰਹੀ ਹੈ। ਯੋਜਨਾ ਤਹਿਤ ਚੁਣੀਆਂ ਗਈਆਂ ਕੰਪਨੀਆਂ ਨੂੰ ਬੈਟਰੀ ਸੈੱਲ ਉਤਪਾਦਨ ਨੂੰ ਹੁਲਾਰਾ ਦੇਣ ਲਈ 18,100 ਕਰੋੜ ਰੁਪਏ ਦੀ ਰਾਹਤ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਨੇ ਗੁਜਰਾਤ (75) ਅਤੇ ਕਰਨਾਟਕ (100) ਲਈ 175 ਈਵੀ ਬੱਸਾਂ ਨੂੰ ਝੰਡੀ ਵੀ ਦਿਖਾਈ। ਉਨ੍ਹਾਂ ਪੁਣੇ ’ਚ ਸੈਂਟਰ ਫਾਰ ਇੰਡਸਟਰੀ 4.0 ਲੈਬ ਦਾ ਉਦਘਾਟਨ ਕੀਤਾ। ਕਾਨਫਰੰਸ ਨਾਲ ਵਰਚੁਅਲੀ ਜੁੜਦਿਆਂ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਕਿਹਾ ਕਿ ਇਸ ਤੋਂ ਆਟੋ ਸੈਕਟਰ ਨੂੰ ਵੱਡਾ ਲਾਭ ਮਿਲੇਗਾ। -ਪੀਟੀਆਈ
ਅਫ਼ਸਰਾਂ ਨੂੰ ਮੁਕੰਮਲ ਪਹੁੰਚ ਅਪਣਾਉਣ ਦਾ ਸੱਦਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈਏਐੱਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਕੰਮ ਵਿੱਚ ਇੱਕ ਸੰਪੂਰਨ ਪਹੁੰਚ ਅਪਣਾਉਣ, ਜਦਕਿ ਸ਼ਾਸਨ ਦਾ ਧਿਆਨ ਦਿੱਲੀ ਤੋਂ ਬਾਹਰ ਦੇਸ਼ ਦੇ ਸਾਰੇ ਖੇਤਰਾਂ ਵਿੱਚ ਤਬਦੀਲ ਹੋ ਗਿਆ ਹੈ। ਸਹਾਇਕ ਸਕੱਤਰ ਪ੍ਰੋਗਰਾਮ, 2022 ਦੇ ਸਮਾਪਤੀ ਸੈਸ਼ਨ ਵਿੱਚ 2020 ਬੈਚ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਕੋਲ ‘ਅੰਮ੍ਰਿਤ ਕਾਲ’ ਦੌਰਾਨ ਦੇਸ਼ ਦੀ ਸੇਵਾ ਕਰਨ ਅਤੇ ‘ਪੰਚ ਪ੍ਰਾਣ’ ਨੂੰ ਸਾਕਾਰ ਕਰਨ ਵਿੱਚ ਮਦਦ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ‘ਅੰਮ੍ਰਿਤ ਕਾਲ’ ਵਿੱਚ ਵਿਕਸਤ ਭਾਰਤ ਦਾ ਟੀਚਾ ਪ੍ਰਾਪਤ ਕਰਨਾ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਪ੍ਰਧਾਨ ਮੰਤਰੀ ਨੇ 2047 ਵਿੱਚ ਭਾਰਤ ਦੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਤੱਕ ਦੇ ਸਮੇਂ ਨੂੰ ‘ਅੰਮ੍ਰਿਤ ਕਾਲ’ ਕਰਾਰ ਦਿੱਤਾ ਹੈ ਅਤੇ ਇਸ ਸਮੇਂ ਲਈ ਪੰਚ ਪ੍ਰਾਣ (ਪੰਜ ਵਚਨਬੱਧਤਾਵਾਂ) ਦਾ ਸੰਕਲਪ ਲਿਆ ਹੈ ਜਿਸ ਵਿੱਚ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣਾ ਵੀ ਸ਼ਾਮਲ ਹੈ। -ਪੀਟੀਆਈ