ਪਟਨਾ, 18 ਦਸੰਬਰ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸੋਮਵਾਰ ਨੂੰ ਕਿਹਾ ਕਿ ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕਰ ਦੇਵੇਗਾ। ਗੱਠਜੋੜ ਦੀ ਮੰਗਲਵਾਰ ਨੂੰ ਦਿੱਲੀ ’ਚ ਚੋਣ ਵਾਲੀ ਬੈਠਕ ’ਚ ਸ਼ਿਰਕਤ ਕਰਨ ਲਈ ਕੌਮੀ ਰਾਜਧਾਨੀ ’ਚ ਜਾਣ ਲਈ ਆਪਣੇ ਪੁੱਤਰ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨਾਲ ਪਟਨਾ ਹਵਾਈ ਅੱਡੇ ’ਤੇ ਪੁੱਜੇ ਲਾਲੂ ਯਾਦਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੀਟਿੰਗ ’ਚ ਸਹਿਯੋਗੀ ਇਕਜੁੱਟ ਹੋ ਕੇ ਬੈਠਣਗੇ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਤੈਅ ਕਰਨਗੇ। ਮੋਦੀ ਲਈ ਫਿਰ ਤੋਂ ਸੱਤਾ ’ਚ ਵਾਪਸੀ ਦੇ ਭਾਜਪਾ ਦੇ ਦਾਅਵੇ ਵਾਲੇ ਸਵਾਲ ’ਤੇ ਯਾਦਵ ਨੇ ਨਾਰਾਜ਼ਗੀ ਭਰੇ ਲਹਿਜ਼ੇ ’ਚ ਕਿਹਾ, ‘‘ਰੋਜ਼ ਇਹੀ ਗੱਲ ਪੁੱਛਦੇ ਹੋ। ਕੀ ਹੈ ਨਰਿੰਦਰ ਮੋਦੀ?’’ ਆਉਣਗੇ ਤਾਂ ਆਉਣ। ਉਨ੍ਹਾਂ ਕਿਹਾ, ‘‘ਇੰਡੀਆ ਗੱਠਜੋੜ ਦੀ ਬੈਠਕ ਹੈ ਅਸੀਂ ਜਾ ਰਹੇ ਹਾਂ। ਮਿਲ ਕੇ ਲੜਾਂਗੇ ਅਤੇ ਇਨ੍ਹਾਂ ਨੂੰ ਹਟਾਵਾਂਗੇ।’’ ਇਸੇ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸਮਰਾਟ ਚੌਧਰੀ ਨੇ ਯਾਦਵ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘‘ਲਾਲੂ ਜੀ ਮਜ਼ਾਕ ਕਰ ਰਹੇ ਹਨ। ਉਨ੍ਹਾਂ ਨੂੰ ਗਿਣਤੀ ਯਾਦ ਆ ਗਈ ਹੋਵੇਗੀ ਕਿ ਉਨ੍ਹਾਂ ਨੇ ਕਿੰਨੀ ਵਾਰ ਚੋਣਾਂ ਹਾਰਨ ਦਾ ਸਵਾਦ ਲਿਆ ਹੈ। ਬਿਹਾਰ ’ਚ ਉਨ੍ਹਾਂ ਨੂੰ ਮੁਲਜ਼ਮਾਂ ਨੂੰ ਸੁਰੱਖਿਆ ਦੇਣ ਵਾਲਿਆਂ ਦੇ ਤੌਰ ’ਤੇ ਅਤੇ ਭ੍ਰਿਸ਼ਟਾਚਾਰ ਲਈ ਯਾਦ ਕੀਤਾ ਜਾਂਦਾ ਹੈ ਅਤੇ ਇਸੇ ਕਰਕੇ ਉਨ੍ਹਾਂ ਨੂੰ ਚਾਰਾ ਘੁਟਾਲੇ ਦੇ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਗਿਆ ਹੈ।’’ -ਪੀਟੀਆਈ