ਨਵੀਂ ਦਿੱਲੀ, 21 ਜੂਨ
ਭਾਰਤ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ਮੌਕੇ ਉਸ ਦੀ ਯਾਦ ਵਿਚ ਕੈਨੇਡੀਅਨ ਸੰਸਦ ’ਚ ‘ਇਕ ਮਿੰਟ ਦਾ ਮੌਨ’ ਰੱਖੇ ਜਾਣ ਦੀ ਨਿਖੇਧੀ ਕੀਤੀ ਹੈ। ਨਿੱਝਰ ਦੀ ਪਿਛਲੇ ਸਾਲ ਜੂਨ ਵਿਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਹਿੰਸਾ ਦੀ ਵਕਾਲਤ ਕਰਨ ਤੇ ਇੰਤਹਾਪਸੰਦੀ ਨੂੰ ਸਿਆਸੀ ਥਾਂ ਦੇਣ ਦੀ ਕਿਸੇ ਵੀ ਪੇਸ਼ਕਦਮੀ ਦਾ ਸੁਭਾਵਿਕ ਤੌਰ ’ਤੇ ਵਿਰੋਧ ਕਰਾਂਗੇ।’’ ਕੈਨੇਡੀਅਨ ਸੰਸਦ ਨੇ ਇਕ ਅਸਧਾਰਨ ਪੇਸ਼ਕਦਮੀ ਤਹਿਤ ਦੋ ਦਿਨ ਪਹਿਲਾਂ ਨਿੱਝਰ ਦੀ ਯਾਦ ਵਿਚ ‘ਇਕ ਮਿੰਟ ਦਾ ਮੌਨ’ ਰੱਖਿਆ ਸੀ। ਪਿਛਲੇ ਸਾਲ ਸਤੰਬਰ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਝਰ ਦੀ ਹੱਤਿਆ ਵਿਚ ਕਥਿਤ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਸਬੰਧੀ ਦਾਅਵਿਆਂ ਮਗਰੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਤਲਖੀ ਵਧ ਗਈ ਸੀ। ਨਵੀਂ ਦਿੱਲੀ ਨੇ ਹਾਲਾਂਕਿ ਟਰੂਡੋ ਵੱਲੋਂ ਕੈਨੇਡੀਅਨ ਸੰਸਦ ਵਿਚ ਕੀਤੇ ਇਸ ਦਾਅਵੇ ਨੂੰ ‘ਹਾਸੋਹੀਣਾ’ ਦੱਸ ਕੇ ਖਾਰਜ ਕਰ ਦਿੱਤਾ ਸੀ। ਭਾਰਤ ਵਾਰ ਵਾਰ ਇਹ ਗੱਲ ਆਖਦਾ ਰਿਹਾ ਹੈ ਕਿ ਕੈਨੇਡਾ ਵੱਲੋਂ ਖਾਲਿਸਤਾਨ ਪੱਖੀ ਅਨਸਰਾਂ ਨੂੰ ਆਪਣੀ ਸਰਜ਼ਮੀਨ ਤੋਂ ਭਾਰਤ ਵਿਰੋਧੀ ਸਰਗਰਮੀਆਂ ਦੀ ਖੁੱਲ੍ਹ ਦੇਣਾ ਦੋਵਾਂ ਮੁਲਕਾਂ ਦਰਮਿਆਨ ਮੁੱਖ ਮੁੱਦਾ ਹੈ। -ਪੀਟੀਆਈ