ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ 26/11 ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ ਘਾੜੇ ਹਾਫ਼ਿਜ਼ ਸਈਦ ਦੇ ਪੁੱਤਰ ਅਤੇ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਪ੍ਰਮੁੱਖ ਆਗੂ ਹਾਫਿਜ਼ ਤੱਲ੍ਹਾ ਸਈਦ ਨੂੰ ਅਤਿਵਾਦੀ ਐਲਾਨਿਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਹਾਫ਼ਿਜ਼ ਤੱਲ੍ਹਾ ਸਈਦ (46) ਦੀ ਅਤਿਵਾਦੀਆਂ ਦੀ ਭਰਤੀ ਕਰਨ, ਫੰਡ ਇਕੱਠਾ ਕਰਨ ਅਤੇ ਲਸ਼ਕਰ-ਏ-ਤੋੋਇਬਾ ਵੱਲੋਂ ਭਾਰਤ ਤੇ ਅਫਗਾਨਿਤਾਨ ਵਿੱਚ ਭਾਰਤੀ ਹਿੱਤਾਂ ’ਤੇ ਹਮਲਿਆਂ ਨੂੰ ਅੰਜ਼ਾਮ ਦੇਣ ਅਤੇ ਯੋਜਨਾ ਬਣਾਉਣ ਵਿੱਚ ਸਰਗਰਮ ਸ਼ਮੂਲੀਅਤ ਰਹੀ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਪਾਕਿਸਤਾਨ ਵਿੱਚ ਲਸ਼ਕਰ ਦੇ ਵੱਖ-ਵੱਖ ਕੇਂਦਰਾਂ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਸ ਨੇ ਭਾਰਤ, ਇਜ਼ਰਾਈਲ, ਅਮਰੀਕਾ ਅਤੇ ਹੋਰ ਪੱਛਮੀ ਮੁਲਕਾਂ ਵਿੱਚ ਭਾਰਤੀ ਹਿੱਤਾਂ ਖ਼ਿਲਾਫ਼ ਜਿਹਾਦ ਛੇੜਨ ਦਾ ਹੋਕਾ ਦਿੱਤਾ ਸੀ। ਇਸ ਤਰ੍ਹਾਂ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਹਾਫ਼ਿਜ਼ ਤੱਲ੍ਹਾ ਸਈਦ ਅਤਿਵਾਦੀ ਸਰਗਰਮੀਆਂ ਵਿੱਚ ਸ਼ਾਮਲ ਹੈ ਅਤੇ ਉਸ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ, 1967 ਤਹਿਤ ਅਤਿਵਾਦੀ ਐਲਾਨਿਆ ਜਾਣਾ ਚਾਹੀਦਾ ਹੈ।
ਇਸ ਕਾਨੂੰਨ ਤਹਿਤ ਉਸ ਨੂੰ ਵਿਅਕਤੀਗਤ ਅਤਿਵਾਦੀ ਐਲਾਨਿਆ ਗਿਆ ਹੈ। ਹਾਫਿਜ਼ ਤੱਲ੍ਹਾ ਸਈਦ ਭਾਰਤ ਸਰਕਰ ਵੱਲੋਂ ਅਤਿਵਾਦੀ ਐਲਾਨਿਆ ਗਿਆ 32ਵਾਂ ਵਿਅਕਤੀ ਹੈ। ਉਹ ਇਸ ਸਮੇਂ ਲਾਹੌਰ ਵਿੱਚ ਰਹਿੰਦਾ ਹੈ।
ਹਾਫਿਜ਼ ਤੱਲ੍ਹਾ ਸਈਦ ਲਸ਼ਕਰ-ਏ-ਤੋਇਬਾ ਦਾ ਸੀਨੀਅਰ ਆਗੂ ਹੈ ਅਤੇ ਉਹ ਇਸ ਅਤਿਵਾਦੀ ਜਥੇਬੰਦੀ ਦੇ ਕਲੈਰੀਕਲ ਵਿੰਗ ਦਾ ਮੁਖੀ ਹੈ। ਉਸ ਦਾ ਪਿਤਾ ਹਾਫ਼ਿਜ਼ ਸਈਦ ਲਸ਼ਕਰ-ਏ-ਤੋਇਬਾ ਦਾ ਸੰਸਥਾਪਕ ਹੈ। ਉਹ 26 ਨਵੰਬਰ 2008 ਵਿੱਚ ਮੁੰਬਈ ਵਿੱਚ ਹੋਏ ਅਤਿਵਾਦੀ ਹਮਲੇ ਦਾ ਮੁੱਖ ਸਾਜ਼ਿਸ਼ ਘਾੜਾ ਹੈ। ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ। -ਪੀਟੀਆਈ