ਨਵੀਂ ਦਿੱਲੀ: ਪੱਤਰਕਾਰ ਰਾਣਾ ਅਯੂਬ ਨੂੰ ਪ੍ਰੇਸ਼ਾਨ ਕਰਨ ਦੇ ਸੰਯੁਕਤ ਰਾਸ਼ਟਰ ਦੇ ਜਨੇਵਾ ਸਥਿਤ ਮਿਸ਼ਨ ਵੱਲੋਂ ਲਾਏ ਗਏ ਦੋਸ਼ਾਂ ਨੂੰ ਭਾਰਤ ਨੇ ਆਧਾਰਹੀਣ ਕਰਾਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਮੁਲਕ ’ਚ ਕਾਨੂੰਨ ਦਾ ਸ਼ਾਸਨ ਹੈ ਅਤੇ ਇਸ ਤੋਂ ਉਪਰ ਕੋਈ ਵੀ ਨਹੀਂ ਹੈ। ਭਾਰਤ ਦੇ ਜਨੇਵਾ ’ਚ ਸਥਾਈ ਮਿਸ਼ਨ ਨੇ ਟਵੀਟ ਕਰਕੇ ਕਿਹਾ ਕਿ ‘ਗੁਮਰਾਹਕੁਨ ਬਿਰਤਾਂਤ’ ਨਾਲ ਸਿਰਫ਼ ਸੰਯੁਕਤ ਰਾਸ਼ਟਰ ਮਿਸ਼ਨ ਦੇ ਰੁਤਬੇ ਨੂੰ ਹੀ ਢਾਹ ਲੱਗੇਗੀ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਸੰਯੁਕਤ ਰਾਸ਼ਟਰ ਪੂਰੇ ਤੱਥਾਂ ਦੇ ਆਧਾਰ ’ਤੇ ਗੱਲ ਕਰੇਗਾ ਤਾਂ ਹੀ ਉਸ ਦੇ ਉਦੇਸ਼ ਦੀ ਪੂਰਤੀ ਹੋਵੇਗੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਇਸ ਮਾਮਲੇ ’ਤੇ ਜਨੇਵਾ ’ਚ ਭਾਰਤੀ ਮਿਸ਼ਨ ਵੱਲੋਂ ਜ਼ੁਬਾਨੀ ਨੋਟ ਵੀ ਲਿਆਂਦਾ ਜਾਵੇਗਾ ਅਤੇ ਸੰਯੁਕਤ ਰਾਸ਼ਟਰ ਦੇ ਦਫ਼ਤਰ ’ਚ ਇਸ ਮੁੱਦੇ ਨੂੰ ਉਠਾਇਆ ਜਾਵੇਗਾ। -ਪੀਟੀਆਈ