ਨਵੀਂ ਦਿੱਲੀ, 15 ਨਵੰਬਰ
ਭਾਰਤ ਨੇ ਪਾਕਿਸਤਾਨ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਗੁਆਂਢੀ ਮੁਲਕ ’ਚ ਹੁੰਦੇ ਦਹਿਸ਼ਤੀ ਹਮਲਿਆਂ ਪਿੱਛੇ ਭਾਰਤ ਦਾ ਹੱਥ ਦੱੱਸਿਆ ਗਿਆ ਸੀ। ਭਾਰਤ ਨੇ ਕਿਹਾ ਕਿ ਪਾਕਿ ਵੱਲੋਂ ਆਪਣੇ ਇਸ ਕਥਿਤ ਦਾਅਵੇ ਲਈ ਪੇਸ਼ ‘ਸਬੂਤ’ ਕਲਪਨਾ ਤੋਂ ਵਧ ਕੇ ਕੁਝ ਵੀ ਨਹੀਂ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਕੌਮਾਂਤਰੀ ਭਾਈਚਾਰਾ ਪਾਕਿਸਤਾਨ ਦੀਆਂ ਸਾਰੀਆਂ ਜੁਗਤਾਂ ਤੋਂ ਜਾਣੂ ਹੈ, ਲਿਹਾਜ਼ਾ ਇਕਾ-ਦੁੱਕਾ ਹੀ ਉਨ੍ਹਾਂ ਦੀਆਂ ਗੱਲਾਂ ’ਚ ਆਉਣਗੇ ਜਦੋਂਕਿ ਇਸਲਾਮਾਬਾਦ ਦੀ ਸਰਪ੍ਰਸਤੀ ਵਾਲੀ ਦਹਿਸ਼ਤਗਰਦੀ ਦੀ ਸ਼ਾਹਦੀ ਦਾ ‘ਉਨ੍ਹਾਂ ਦੇ ਆਪਣੇ ਆਗੂਆਂ’ ਨੇ ਭਰੀ ਹੈ। ਭਾਰਤ ਦਾ ਇਹ ਤਿੱਖਾ ਪ੍ਰਤੀਕਰਮ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਉਸ ਬਿਆਨ ਦੇ ਸੰਦਰਭ ਵਿੱਚ ਹੈ, ਜਿਸ ਵਿੱਚ ਉਨ੍ਹਾਂ ਥਲ ਸੈਨਾ ਦੇ ਤਰਜਮਾਨ ਮੇਜਰ ਜਨਰਲ ਬਾਬਰ ਇਫ਼ਤਿਖਾਰ ਦੀ ਹਾਜ਼ਰੀ ਵਿਚ ਮੁਲਕ ’ਚ ਹੋਣ ਵਾਲੇ ਦਹਿਸ਼ਤੀ ਹਮਲਿਆਂ ਪਿੱਛੇ ਭਾਰਤ ਦਾ ਹੱਥ ਦੱਸਿਆ ਸੀ। –ਪੀਟੀਆਈ