ਸੰਯੁਕਤ ਰਾਸ਼ਟਰ, 31 ਜਨਵਰੀ
ਭਾਰਤ ਨੇ ਸੋਮਵਾਰ ਨੂੰ ਯੂਕਰੇਨ ਸਰਹੱਦ ‘ਤੇ ਸਥਿਤੀ ਬਾਰੇ ਚਰਚਾ ਕਰਨ ਲਈ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਪ੍ਰਕਿਰਿਆਤਮਕ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਭਾਰਤ ਨੇ ਕਿਹਾ ਕਿ ਸ਼ਾਂਤ ਅਤੇ ਉਸਾਰੂ ਕੂਟਨੀਤੀ ਸਮੇਂ ਦੀ ਲੋੜ ਹੈ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਦੇਖਦਿਆਂ ਤਣਾਅ ਪੈਦਾ ਕਰਨ ਵਾਲੀ ਕਿਸੇ ਵੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ। ਰੂਸ ਨੇ ਇਹ ਤੈਅ ਕਰਨ ਲਈ ਪ੍ਰਕਿਰਿਆਤਮਕ ਵੋਟਿੰਗ ਦੀ ਮੰਗ ਕੀਤੀ ਸੀ ਕਿ ਖੁੱਲ੍ਹੀ ਮੀਟਿੰਗ ਹੋਣ ਚਾਹੀਦੀ ਹੈ। ਅਮਰੀਕਾ ਦੀ ਅਪੀਲ ‘ਤੇ ਹੋਈ ਮੀਟਿੰਗ ਨੂੰ ਅੱਗੇ ਵਧਾਉਣ ਲਈ ਕੌਂਸਲ ਨੂੰ 9 ਵੋਟਾਂ ਦੀ ਲੋੜ ਸੀ। ਰੂਸ ਅਤੇ ਚੀਨ ਨੇ ਮੀਟਿੰਗ ਦੇ ਵਿਰੋਧ ਵਿਚ ਵੋਟ ਪਾਈ ਜਦੋਂ ਕਿ ਭਾਰਤ, ਗੈਬੋਨ ਅਤੇ ਕੀਨੀਆ ਵੋਟਿੰਗ ਤੋਂ ਦੂਰ ਰਹੇ। ਅਮਰੀਕਾ, ਯੂਕੇ ਅਤੇ ਫਰਾਂਸ ਸਮੇਤ ਹੋਰਨਾਂ ਕੌਂਸਲ ਮੈਂਬਰਾਂ ਨੇ ਮੀਟਿੰਗ ਦੇ ਹੱਕ ਵਿੱਚ ਵੋਟ ਪਾਈ। ਯੂਕਰੇਨ ਦੀਆਂ ਸਰਹੱਦਾਂ ‘ਤੇ ਹਜ਼ਾਰਾਂ ਰੂਸੀ ਸੈਨਿਕਾਂ ਦੀ ਤਾਇਨਾਤੀ ਵਿਚਾਲੇ 15-ਮੁਲਕਾਂ ਦੀ ਕੌਂਸਲ ਨੇ ਅਖੀਰ ਯੂਕਰੇਨ ਸੰਕਟ ‘ਤੇ ਚਰਚਾ ਲਈ ਇੱਕ ਮੀਟਿੰਗ ਕੀਤੀ। ਮਾਸਕੋ ਦੀ ਇਸ ਕਾਰਵਾਈ ਨੇ ਹਮਲੇ ਦਾ ਡਰ ਪੈਦਾ ਕਰ ਦਿੱਤਾ ਹੈ। ਰੂਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਟੀਐਸ ਤਿਰੁਮੂਰਤੀ ਨੇ ਕੌਂਸਲ ਵਿੱਚ ਕਿਹਾ ਕਿ ਰੂਸ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਉੱਚ-ਪੱਧਰੀ ਗੱਲਬਾਤ ਦੇ ਨਾਲ-ਨਾਲ ਯੂਕਰੇਨ ਨਾਲ ਸਬੰਧਤ ਘਟਨਾਕ੍ਰਮ ’ਤੇ ਭਾਰਤ ਨੇੜਿਓਂ ਨਜ਼ਰ ਰਖ ਰਿਹਾ ਹੈ। -ਏਜੰਸੀ