ਨਵੀਂ ਦਿੱਲੀ: ਸਤੰਬਰ ਤੋਂ ਅਕਤੂਬਰ ਮਹੀਨੇ ਦੌਰਾਨ ਦੇਸ਼ ’ਚ ਕਰੋਨਾ ਲਾਗ ਦੀ ਤੀਜੀ ਲਹਿਰ ਦੀ ਸੰਭਾਵਨਾ ਦੌਰਾਨ ਮਾਹਿਰਾਂ ਦੇ ਇੱਕ ਪੈਨਲ ਨੇ ਕਿਹਾ ਕਿ ਭਾਰਤ ਕੋਲ ਪੁੂਰੀ ਤਰ੍ਹਾਂ ਕਰੋਨਾ ਟੀਕਾਕਰਨ (ਦੋਵੇਂ ਖੁਰਾਕਾਂ) ਕਰਵਾ ਚੁੱਕੇ ਲੋਕਾਂ ਦੇ ਢੁੱਕਵੇਂ ਅੰਕੜੇ ਉਪਲੱਬਧ ਨਹੀਂ ਹਨ, ਜਿਸ ਆਧਾਰ ’ਤੇ ਬੂਸਟਰ ਡੋਜ਼ ਦੀ ਲੋੜ ਬਾਰੇ ਫ਼ੈਸਲਾ ਕੀਤਾ ਜਾ ਸਕੇ। ਗ੍ਰਹਿ ਮੰਤਰਾਲੇ ਅਧੀਨ ਇੱਕ ਸੰਸਥਾ ਵੱਲੋਂ ਕਾਇਮ ਇੱਕ ਮਾਹਿਰ ਪੈਨਲ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਸਤੰਬਰ ਤੋਂ ਅਕਤੂਬਰ ਮਹੀਨੇ ਦੌਰਾਨ ਕਿਸੇ ਵੀ ਸਮੇਂ ਦੇਸ਼ ’ਚ ਕਰੋਨਾ ਲਾਗ ਦੀ ਤੀਜੀ ਲਹਿਰ ਆ ਸਕਦੀ ਹੈ ਅਤੇ ਉਸ ਨੇ ਟੀਕਾਕਰਨ ਤੇਜ਼ ਕਰਨ ਦੀ ਸਲਾਹ ਦਿੱਤੀ ਹੈ। ਐੱਨਟੀਏਜੀਆਈ ਦੇ ਕੋਵਿਡ-19 ਸਬੰਧੀ ਵਰਕਿੰਗ ਗਰੁੱਪ ਦੇ ਚੇਅਰਮੈਨ ਡਾ. ਐੱਨ.ਕੇ. ਅਰੋੜਾ ਨੇ ਕਿਹਾ, ‘ਭਾਰਤ ਬੂਸਟਰ ਡੋਜ਼ ਦਾ ਫ਼ੈਸਲਾ ਲੋਕਲ ਪੱਧਰ ’ਤੇ ਇਕੱਤਰ ਵਿਗਿਆਨਕ ਤੱਥਾਂ ਦੇ ਆਧਾਰ ’ਤੇ ਕਰੇਗਾ। ਦੇਸ਼ ’ਚ ਵਿੱਚ ਵਰਤੀ ਜਾ ਰਹੀ ਵੈਕਸੀਨ ਵਾਸਤੇ ਬੂਸਟਰ ਡੋਜ਼ ਦੇ ਸਮੇਂ ਅਤੇ ਲੋੜ ਬਾਰੇ ਫ਼ੈਸਲੇ ਲਈ ਸਟੱਡੀ ਪਹਿਲਾਂ ਹੀ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਬੂਸਟਰ ਡੋਜ਼ਾਂ ਦੀ ਲੋੜ ਬਾਰੇ ਫ਼ੈਸਲਾ ਦੇਸ਼ ਵਿੱਚ ਮੌਜੂਦਾ ਸਮੇਂ ਲਾਏ ਜਾ ਰਹੇ ਟੀਕਿਆਂ ਦੀ ਡੋਜ਼ ਦੁਆਰਾ ਮਿਲ ਰਹੀ ਸੁਰੱਖਿਆ ਦੇ ਨਾਲ-ਨਾਲ ਕੋਵਿਡ ਲਾਗ ਸਬੰਧੀ ਮਹਾਮਾਰੀ ਵਿਗਿਆਨ ਦੁਆਰਾ ਕੀਤਾ ਜਾਵੇਗਾ। -ਪੀਟੀਆਈ