ਨਵੀਂ ਦਿੱਲੀ, 1 ਜੁਲਾਈ
ਅਮਰੀਕੀ ਮੈਗਜ਼ੀਨ ‘ਫੌਰੇਨ ਪਾਲਿਸੀ’ ਨੇ ਆਪਣੇ ਹਾਲ ਹੀ ਵਿੱਚ ਛਪੇ ਲੇਖ ’ਚ ਪੱਛਮੀ ਏਸ਼ੀਆ ਵਿੱਚ ਭਾਰਤ ਦੇ ਇੱਕ ਅਹਿਮ ਤਾਕਤ ਵਜੋਂ ਉੱਭਰਨ ਦਾ ਹਵਾਲਾ ਦਿੱਤਾ ਹੈ। ਲੇਖ ਵਿੱਚ ਇਜ਼ਰਾਈਲ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਸਮੇਤ ਖੇਤਰ ਦੇ ਪ੍ਰਮੁੱਖ ਦੇਸ਼ਾਂ ਦੇ ਨਵੀਂ ਦਿੱਲੀ ਨਾਲ ਡੂੰਘੇ ਅਤੇ ਮਜ਼ਬੂਤ ਹੋ ਰਹੇ ਰਿਸ਼ਤਿਆਂ ’ਤੇ ਚਾਨਣਾ ਪਾਇਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਦੇਸ਼ ਬਦਲਦੀ ਕੌਮਾਂਤਰੀ ਅਰਥ-ਵਿਵਸਥਾ ਵਿੱਚ ਭਾਰਤ ਦੇ ਵਿਕਾਸ ਦਾ ਲਾਹਾ ਲੈਣ ਦੇ ਇੱਛੁਕ ਦਿਖਾਈ ਦੇ ਰਹੇ ਹਨ। ਲੇਖਕ ਸਟੀਵਨ ਏ ਕੁੱਕ ਨੇ ਆਪਣੇ ਲੇਖ ਵਿੱਚ ਹਵਾਲਾ ਦਿੱਤਾ ਕਿ ਅਮਰੀਕਾ ਵੀ ਭਾਰਤ ਦੀ ਆਲਮੀ ਪੱਧਰ ’ਤੇ ਉੱਭਰਦੀ ਤਾਕਤ ਦਾ ਲਾਹਾ ਲੈ ਸਕਦਾ ਹੈ, ਹਾਲਾਂਕਿ ਇਸ ਦੀ ਸੰਭਾਵਨਾ ਘੱਟ ਹੈ। ਕੁੱਕ ਨੇ ਜ਼ੋਰ ਦਿੱਤਾ, ‘‘ਜੇਕਰ ਅਮਰੀਕਾ ਵਾਸ਼ਿੰਗਟਨ ਲਈ ਮੱਧ ਪੱਛਮੀ ਭਾਈਵਾਲਾਂ ਨਾਲ ਸਾਂਝੇਦਾਰੀ ਵਧਾਉਣ ਲਈ ਬਦਲ ਤਲਾਸ਼ਦਾ ਹੈ ਤਾਂ ਬਿਹਤਰ ਹੋਵੇਗਾ ਕਿ ਨਵੀਂ ਦਿੱਲੀ ਉਸ ਦੀ ਚੋਣ ਵਿੱਚ ਸ਼ਾਮਲ ਹੋਵੇ।’’ ਉਨ੍ਹਾਂ ਕਿਹਾ, ‘‘ਅਮਰੀਕਾ ਹੁਣ ਇਸ ਖੇਤਰ ਵਿੱਚ ਬਿਨਾਂ ਕਿਸੇ ਵਿਵਾਦ ਦੇ ਸ਼ਕਤੀਸ਼ਾਲੀ ਨਹੀਂ ਰਹੇਗਾ ਪਰ ਭਾਰਤ ਦੇ ਪੱਛਮੀ ਏਸ਼ੀਆ ਵਿੱਚ ਅਹਿਮ ਤਾਕਤ ਵਜੋਂ ਉੱਭਰਨ ’ਤੇ ਨਾ ਤਾਂ ਰੂਸ ਅਤੇ ਨਾ ਹੀ ਚੀਨ ਉਸ ਦੀ ਜਗ੍ਹਾ ਲੈ ਸਕਦੇ ਹਨ।’’ -ਪੀਟੀਆਈ