ਹੈਦਰਾਬਾਦ/ਚੇਨੱਈ, 26 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਜੀ-20 ਮੁਲਕਾਂ ’ਚ ਸਭ ਤੋਂ ਤੇਜ਼ੀ ਨਾਲ ਉਭਰਦਾ ਅਰਥਚਾਰਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਸਟਾਰਟਅੱਪ’ਜ਼ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਇਆ ਹੈ ਤੇ ਕਈ ਉਪਲੱਬਧੀਆਂ ਹਾਸਲ ਕੀਤੀਆਂ। ਸ੍ਰੀ ਮੋਦੀ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਹੈਦਰਾਬਾਦ ਵਿੱਚ ਗਰੈਜੂਏਸ਼ਨ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬੇਗ਼ਮਪੇਟ ਹਵਾਈ ਅੱਡੇ ’ਤੇ ਭਾਜਪਾ ਵਰਕਰਾਂ ਦੀ ਰੈਲੀ ਦੌਰਾਨ ਜਿੱਥੇ ‘ਪਰਿਵਾਰਵਾਦ’ ਦੇ ਹਵਾਲੇ ਨਾਲ ਸੱਤਾਧਾਰੀ ਟੀਆਰਐੱਸ ਸਰਕਾਰ ਨੂੰ ਘੇਰਿਆ, ਉਥੇ ਤਾਮਿਲ ਨਾਡੂ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਤੇ ਨਵੀਆਂ ਸਕੀਮਾਂ ਦਾ ਨੀਂਹ ਪੱਥਰ ਰੱਖਣ ਮੌਕੇ ਤਾਮਿਲ ਭਾਸ਼ਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਤਾਮਿਲ ਭਾਸ਼ਾ ‘ਸਦੀਵੀ’ ਤੇ ਇਸ ਦਾ ਸਭਿਆਚਾਰ ਆਲਮੀ ਹੈ।
ਇਥੇ ਆਈਐੱਸਬੀ ਵਿੱਚ ਵਿਦਿਆਰਥੀਆਂ ਦੇ ਮੁਖਾਤਬਿ ਹੁੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਲਗਾਤਾਰ ਸਿਆਸੀ ਅਸਥਿਰਤਾ ਕਰਕੇ ਦੇਸ਼ ਨੂੰ ਸਿਆਸੀ ਇੱਛਾਸ਼ਕਤੀ ਦੀ ਘਾਟ ਰੜਕਦੀ ਰਹੀ ਤੇ ਸਬੰਧਤ ਸਰਕਾਰਾਂ ਅਹਿਮ ਸੁਧਾਰ ਲਾਗੂ ਕਰਨ ਤੇ ਅਹਿਮ ਫੈਸਲੇ ਲੈਣ ਤੋਂ ਹੱਥ ਪਿਛਾਂਹ ਖਿੱਚਦੀਆਂ ਰਹੀਆਂ। ਸਾਲ 2014 ਮਗਰੋਂ ਦੇਸ਼ ਵਿੱਚ ਸਿਆਸੀ ਨਿਸ਼ਚਾ ਨਜ਼ਰ ਆਉਣ ਲੱਗਾ ਹੈ ਤੇ ਇਕ ਤੋਂ ਬਾਅਦ ਇਕ ਸੁਧਾਰ ਲਾਗੂ ਹੋ ਰਹੇ ਹਨ। ਕਾਬਿਲੇਗੌਰ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਅੱਜ ਅੱਠ ਸਾਲ ਪੂਰੇ ਕਰ ਲਏ ਹਨ। ਸ੍ਰੀ ਮੋਦੀ ਨੇ 26 ਮਈ 2014 ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ। ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਵਿੱਚ ਬੇਗ਼ਮਪੇਟ ਹਵਾਈ ਅੱਡੇ ’ਤੇ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਪਰਿਵਾਰਵਾਦੀ’ ਪਾਰਟੀਆਂ ਹਮੇਸ਼ਾ ਆਪਣੇ ਵਿਕਾਸ ਬਾਰੇ ਸੋਚਦੀਆਂ ਹਨ ਤੇ ਉਹ ਦੇਸ਼ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ। ਸੱਤਾਧਾਰੀ ਤਿਲੰਗਾਨਾ ਰਾਸ਼ਟਰ ਸਮਿਤੀ ’ਤੇ ਤਿੱਖੇ ਹਮਲੇ ਕਰਦਿਆਂ ਸ੍ਰੀ ਮੋਦੀ ਨੇ ਸੂਬੇ ਨੂੰ ਪਰਿਵਾਰਵਾਦ ਤੋਂ ਨਿਜਾਤ ਦਿਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਵਾਦੀ ਪਾਰਟੀਆਂ ਦੇ ਸ਼ਾਸਨ ਨੂੰ ਖ਼ਤਮ ਕਰਨ ਦੀ ਮੁਹਿੰਮ ਜਾਰੀ ਰੱਖਣ ਤੇ ਇਸ ਨਾਲ ਸੂਬੇ ਦੇ ਗਤੀਸ਼ੀਲ ਵਿਕਾਸ ਲਈ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਦਾਅਵਾ ਕੀਤਾ ਕਿ ਤਿਲੰਗਾਨਾ ਵਿੱਚ ਬਦਲਾਅ ਯਕੀਨੀ ਹੈ ਤੇ ਭਾਜਪਾ ਸਪਸ਼ਟ ਤੌਰ ’ਤੇ ਸੂਬੇ ਦੀ ਸੱਤਾ ਵਿੱਚ ਆਏਗੀ। ਸ੍ਰੀ ਮੋਦੀ ਨੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਨੂੰ ਉਨ੍ਹਾਂ ਦੇ ਕਥਿਤ ਅੰਧਵਿਸ਼ਵਾਸ ਲਈ ਨਿਸ਼ਾਨਾ ਬਣਾਇਆ। ਸ੍ਰੀ ਮੋਦੀ ਨੇ ਕਿਹਾ ਕਿ ਤਿਲੰਗਾਨਾ ਵਿੱਚ ਭਾਜਪਾ ਵਰਕਰਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾਇਆ ਜਾ ਰਿਹੈ। ਉਨ੍ਹਾਂ ਕਿਹਾ ਕਿ ‘ਪਰਿਵਾਰਵਾਦੀ’ ਨਾ ਸਿਰਫ਼ ਭਾਰਤ ਦੀ ਸਿਆਸੀ ਸਮੱਸਿਆ ਹਨ ਬਲਕਿ ‘ਪਰਿਵਾਰਵਾਦ’ ਤੇ ‘ਪਰਿਵਾਰਵਾਦੀ’ ਦੇਸ਼ ਦੀ ਜਮਹੂਰੀਅਤ ਤੇ ਉਸ ਦੇ ਨੌਜਵਾਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਤਿਲੰਗਾਨਾ ਦੇ ਲੋਕ ਵੇਖ ਰਹੇ ਹਨ ਕਿ ਕਿਵੇਂ ਪਰਿਵਾਰਵਾਦੀ ਪਾਰਟੀਆਂ ਨੂੰ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਕਿਹਾ ਕਿ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਚੱਲੇ ਦਹਾਕਿਆਂ ਲੰਮੇ ਸੰਘਰਸ਼ ਦੌਰਾਨ ਹਜ਼ਾਰਾਂ ਲੋਕਾਂ ਨੇ ਤਿਲੰਗਾਨਾ ਦੇ ਸੁਨਹਿਰੇ ਭਵਿੱਖ ਲਈ ਆਪਣੀਆਂ ਜਾਨਾਂ ਵਾਰੀਆਂ। ਉਨ੍ਹਾਂ ਕਿਹਾ, ‘‘ਤਿਲੰਗਾਨਾ ਨੂੰ ਅਗਾਂਹਵਧੂ ਤੇ ਇਮਾਨਦਾਰ ਸਰਕਾਰ ਦੀ ਲੋੜ ਹੈ, ਜੋ ਸਿਰਫ਼ ਭਾਜਪਾ ਹੀ ਦੇ ਸਕਦੀ ਹੈ।’’ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਨੂੰ ਉਨ੍ਹਾਂ ਦੇ ਕਥਿਤ ਅੰਧਵਿਸ਼ਵਾਸ ਲਈ ਘੇਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਅਸੀਂ ਤਿਲੰਗਾਨਾ ਦੇ ਲੋਕਾਂ ਨੂੰ ਅੰਧਵਿਸ਼ਵਾਸੀ ਲੋਕਾਂ ਤੋਂ ਬਚਾਉਣਾ ਚਾਹੁੰਦੇ ਹਾਂ। 21ਵੀਂ ਸਦੀ ਵਿੱਚ ਵੀ ਉਹ ਵਹਿਮਾਂ-ਭਰਮਾਂ ਦੇ ਗੁਲਾਮ ਬਣੇ ਹੋਏ ਹਨ ਤੇ ਉਹ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।’’ ਤਿਲੰਗਾਨਾ ਸਰਕਾਰ ਵੱਲੋਂ ਕਥਿਤ ਕਈ ਕੇਂਦਰੀ ਸਕੀਮਾਂ ਦੇ ਨਾਂ ਬਦਲਣ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਕਿਹਾ, ‘‘ਤੁਸੀਂ ਲੋਕਾਂ ਦੇ ਦਿਲਾਂ ’ਚੋਂ ਸਾਡਾ ਨਾਮ ਨਹੀਂ ਮਿਟਾ ਸਕਦੇ।’’ ਤਾਮਿਲ ਨਾਡੂ ਦੀ ਆਪਣੀ ਫੇਰੀ ਦੌਰਾਨ ਸ੍ਰੀ ਮੋਦੀ ਨੇ ਰਾਜਪਾਲ ਆਰ.ਐੱਨ.ਰਵੀ, ਕੇਂਦਰੀ ਮੰਤਰੀ ਐੱਲ.ਮੁਰੂਗਨ ਤੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਦੀ ਮੌਜੂਦਗੀ ਵਿੱਚ 2960 ਕਰੋੜ ਰੁਪਏ ਦੀ ਲਾਗਤ ਦੇ 5 ਪ੍ਰਾਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ 1152 ਕਰੋੜ ਦੀ ਲਾਗਤ ਨਾਲ ਤਿਆਰ ਲਾਈਟ ਹਾਊਸ ਪ੍ਰਾਜੈਕਟ ਚੇਨੱਈ ਵੀ ਸ਼ਾਮਲ ਹੈ। -ਪੀਟੀਆਈ
ਤਮਿਲ ਨੂੰ ਹਿੰਦੀ ਦੇ ਬਰਾਬਰ ਦਰਜਾ ਦਿੱਤਾ ਜਾਵੇ: ਸਟਾਲਿਨ
ਚੇਨੱਈ: ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਨੇ ਤਾਮਿਲ ਭਾਸ਼ਾ ਨੂੰ ਹਿੰਦੀ ਦੇ ਬਰਾਬਰ ਦਰਜਾ ਦੇਣ ਦੀ ਮੰਗ ਕੀਤੀ ਹੈ। ਇਥੇ ਜਵਾਹਰਲਾਲ ਨਹਿਰੂ ਇਨਡੋਰ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਆਪਣੇ ਸੰਬੋਧਨ ਵਿੱਚ ਸਟਾਲਿਨ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਸੂਬੇ ’ਤੇ ਹਿੰਦੀ ਥੋਪਣ ਦਾ ਯਤਨ ਨਾ ਕਰੇ। ਉਨ੍ਹਾਂ ਕਿਹਾ, ‘‘ਤਾਮਿਲ ਪੁਰਾਤਨ ਭਾਸ਼ਾ ਹੋਣ ਦੇ ਨਾਲ ਨਾਲ ਆਧੁਨਿਕ ਭਾਸ਼ਾ ਹੈ ਤੇ ਇਸ ਨੂੰ ਹਾਈ ਕੋਰਟ ਤੇ ਸਰਕਾਰੀ ਦਫ਼ਤਰਾਂ ਦੀ ਅਧਿਕਾਰਤ ਭਾਸ਼ਾ ਬਣਾਇਆ ਜਾਵੇ।’’ ਮੁੱਖ ਮੰਤਰੀ ਨੇ ਰਾਜ ਨੂੰ ‘ਨੀਟ’ ਤੋਂ ਛੋਟ ਤੇ ਜੀਐੱਸਟੀ ਬਕਾਇਆ ਜਾਰੀ ਕਰਨ ਜਿਹੇ ਹੋਰ ਕਈ ਅਹਿਮ ਮੁੱਦੇ ਵੀ ਰੱਖੇ। -ਆਈਏਐੱਨਐੱਸ