ਨਵੀਂ ਦਿੱਲੀ, 12 ਮਾਰਚ
ਭਾਰਤ ਨੂੰ ਆਪਣੇ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀਐੱਲਆਈ) ਪ੍ਰੋਗਰਾਮ ’ਚ ਜਪਾਨ ਤੋਂ ਵੱਧ ਹਿੱਸੇਦਾਰੀ ਦੀ ਉਮੀਦ ਹੈ। ਉਦਯੋਗ ਤੇ ਅੰਦਰੂਨੀ ਵਪਾਰ ਪ੍ਰਚਾਰ ਵਿਭਾਗ (ਡੀਪੀਆਈਆਈਟੀ) ਦੇ ਸਕੱਤਰ ਗੁਰੂਪ੍ਰਸਾਦ ਮਹਾਪਾਤਰਾ ਨੇ ਅੱਜ ਇਹ ਗੱਲ ਕਹੀ। ਸਰਕਾਰ ਨੇ ਦੂਰਸੰਚਾਰ ਤੇ ਵਾਹਨ ਸਮੇਤ 13 ਖੇਤਰਾਂ ਲਈ ਪੀਐੱਲਆਈ ਯੋਜਨਾ ਦਾ ਐਲਾਨ ਕੀਤਾ ਹੈ। ਮਹਾਪਾਤਰਾ ਨੇ ਫਿੱਕੀ ਦੀ ਭਾਰਤ-ਜਪਾਨ ਵਪਾਰ ਸਹਿਯੋਗ ਕਮੇਟੀ ਦੀ 44ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਮੈਨੂਫੈਕਚਰਿੰਗ ਤੇ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਪੀਐੱਲਆਈ ਯੋਜਨਾ ਸਮੇਤ ਕਈ ਨੀਤੀਗਤ ਸੁਧਾਰ ਕੀਤੇ ਹਨ। ਦੂਰਸੰਚਾਰ, ਫੂਡ ਪ੍ਰੋਸੈਸਿੰਗ, ਮੈਡੀਕਲ ਉਪਕਰਨ, ਵਾਹਨ ਤੇ ਉਸ ਦੇ ਪੁਰਜ਼ੇ, ਕੱਪੜੇ ਅਤੇ ਸੋਲਰ ਪੀਪੀ ਮੋਡਿਊਲਜ਼ ਵਰਗੇ ਖੇਤਰਾਂ ਲਈ ਪੀਐੱਲਆਈ ਦਾ ਐਲਾਨ ਕੀਤਾ ਗਿਆ ਹੈ। ਡੀਪੀਆਈਆਈਟੀ ਸਕੱਤਰ ਨੇ ਕਿਹਾ, ‘ਇਨ੍ਹਾਂ ਖੇਤਰਾਂ ’ਚ ਜਪਾਨ ਦੀ ਮੁਹਾਰਤ ਬਾਰੇ ਸਾਰੇ ਜਾਣਦੇ ਹਨ। ਅਸੀਂ ਆਸ ਕਰਦੇ ਹਾਂ ਕਿ ਜਪਾਨ, ਭਾਰਤ ਦੀ ਪੀਐੱਲਆਈ ਯੋਜਨਾ ’ਚ ਹਿੱਸੇਦਾਰੀ ’ਚ ਦਿਲਚਸਪੀ ਦਿਖਾਏਗਾ।’
ਮਹਾਪਾਤਰ ਨੇ ਕਿਹਾ, ‘ਦੋਵੇਂ ਦੇਸ਼ ਭਾਰਤ-ਜਪਾਨ ਸਨਅਤੀ ਮੁਕਾਬਲਾ ਭਾਈਵਾਲੀ ਰਾਹੀਂ ਇੱਕ-ਦੂਜੇ ਨੂੰ ਸਹਿਯੋਗ ਦੇ ਰਹੇ ਹਨ।’ ਉਨ੍ਹਾਂ ਕਿਹਾ ਕਿ ਜਪਾਨ ਨੇ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਲਈ ਰਾਹਤ ਪੈਕੇਜ ਦਿੱਤਾ ਹੈ। ਵੈਬੀਨਾਰ ਨੂੰ ਸੰਬੋਧਨ ਕਰਦਿਆਂ ਭਾਰਤ ’ਚ ਜਪਾਨ ਦੇ ਰਾਜਦੂਤ ਸਤੋਸ਼ੀ ਸੁਜ਼ੂਕੀ ਨੇ ਕਿਹਾ ਕਿ ਦੁਵੱਲੇ ਸਬੰਧ ਮਜ਼ਬੂਤ ਕਰਨ ਲਈ ਭਾਰਤ ਨੂੰ ਕਾਰੋਬਾਰੀ ਮਾਹੌਲ ਵਧੇਰੇ ਸਥਿਰ ਬਣਾਉਣ ਦੀ ਲੋੜ ਹੈ। -ਪੀਟੀਆਈ