ਨਵੀਂ ਦਿੱਲੀ, 27 ਜੂਨ
ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਰਤ ਵਿਚ ਕੋਵਿਡ ਵੈਕਸੀਨ ਨੂੰ ਘੱਟ ਤਾਪਮਾਨ ਉਤੇ ਭੰਡਾਰ ਕਰਨ ਦੀ ਪੂਰੀ ਸਮਰੱਥਾ ਹੈ। ਸਰਕਾਰ ਨੇ ਦੱਸਿਆ ਕਿ ਵੈਕਸੀਨ ਨੂੰ ਮਨਫ਼ੀ 15 ਤੋਂ ਮਨਫ਼ੀ 20 ਡਿਗਰੀ ਉਤੇ ਸਟੋਰ ਕਰਨ ਲਈ ਦੇਸ਼ ਭਰ ਵਿਚ 29,000 ‘ਕੋਲਡ ਚੇਨ ਪੁਆਇੰਟ’ ਮੌਜੂਦ ਹਨ। ਉੱਥੇ ਟੀਕੇ ਨੂੰ ਸਿਫ਼ਾਰਿਸ਼ ਕੀਤੇ ਤਾਪਮਾਨ ਉਤੇ ਭੰਡਾਰ ਕੀਤਾ ਜਾ ਸਕਦਾ ਹੈ। ਸਿਖ਼ਰਲੀ ਅਦਾਲਤ ਵਿਚ ਦਾਇਰ ਕੀਤੇ ਇਕ ਹਲਫ਼ਨਾਮੇ ਵਿਚ ਕੇਂਦਰ ਨੇ ਦੱਸਿਆ ਕਿ ਵਰਤਮਾਨ ’ਚ ਦੋ ਵੈਕਸੀਨ- ਕੋਵੀਸ਼ੀਲਡ ਤੇ ਕੋਵੈਕਸੀਨ ਨੂੰ ਦੋ ਤੋਂ ਅੱਠ ਡਿਗਰੀ ਤਾਪਮਾਨ ’ਚ ਰੱਖਣ ਦੀ ਲੋੜ ਪੈਂਦੀ ਹੈ।
ਕੇਂਦਰ ਨੇ ਕਿਹਾ ਕਿ ਕੋਲਡ ਸਟੋਰੇਜ ਦੀ ਲੋੜ ਭਵਿੱਖ ਵਿਚ ਦੂਜੇ ਕਰੋਨਾ ਵੈਕਸੀਨ ਪੁੱਜਣ ’ਤੇ ਬਦਲ ਵੀ ਸਕਦੀ ਹੈ। ਇਸ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਤੇ ਕਦਮ ਚੁੱਕ ਰਹੀ ਹੈ। ਕੇਂਦਰ ਨੇ ਆਪਣੇ ਹਲਫ਼ਨਾਮੇ ਵਿਚ ਕਿਹਾ ਕਿ ਸਪੂਤਨਿਕ ਵੈਕਸੀਨ ਨੂੰ ਮਨਫ਼ੀ 18 ਡਿਗਰੀ ਸੈਂਟੀਗ੍ਰੇਡ ਉਤੇ ਰੱਖਣ ਦੀ ਲੋੜ ਪੈਂਦੀ ਹੈ। ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 37 ਸੂਬਾਈ ਪੱਧਰ ਦੇ ਵੈਕਸੀਨ ਸਟੋਰ ਹਨ, 114 ਖੇਤਰੀ, 723 ਜ਼ਿਲ੍ਹਾ ਪੱਧਰ ਦੇ ਤੇ 28,268 ਸਬ-ਜ਼ਿਲ੍ਹਾ ਪੱਧਰ ਦੇ ਸਟੋਰ ਦੇਸ਼ ਵਿਚ ਮੌਜੂਦ ਹਨ। ਕੇਂਦਰ ਨੇ ਦੱਸਿਆ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਲਡ ਚੇਨ ਉਪਕਰਨ ਖ਼ਰੀਦ ਕੇ ਵੀ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਕੌਮੀ ਸਿਹਤ ਮਿਸ਼ਨ ਤਹਿਤ ਫੰਡ ਵੀ ਜਾਰੀ ਕੀਤੇ ਗਏ ਹਨ। ਆਪਣੇ ਹਲਫ਼ਨਾਮੇ ਵਿਚ ਕੇਂਦਰ ਸਰਕਾਰ ਨੇ ਕਿਹਾ ਕਿ ਡਿਜੀਟਲ ਪਾੜਾ ਹੁਣ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਵਾਕ-ਇਨ ਕੋਵਿਡ ਟੀਕਾਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। 18 ਸਾਲ ਤੇ ਉਸ ਤੋਂ ਉੱਪਰ ਦਾ ਹਰ ਗਰੀਬ, ਅਮੀਰ ਵਿਅਕਤੀ ਮੁਫ਼ਤ ਵਿਚ ਵੈਕਸੀਨ ਲਵਾ ਸਕਦਾ ਹੈ। ਸਰਕਾਰ ਮੁਤਾਬਕ 25 ਜੂਨ ਤੱਕ 31 ਕਰੋੜ ਤੋਂ ਵੱਧ ਵੈਕਸੀਨ ਮੁਲਕ ਵਿਚ ਲਾਇਆ ਜਾ ਚੁੱਕਾ ਹੈ। -ਪੀਟੀਆਈ
ਵਿਦੇਸ਼ ਜਾਣ ਵਾਲੇ ਵਿਦਿਆਰਥੀ ਤੇ ਖਿਡਾਰੀਆਂ ਨੂੰ ਤੈਅ ਸਮੇਂ ਤੋਂ ਪਹਿਲਾਂ ਲੱਗ ਸਕੇਗੀ ਦੂਜੀ ਡੋਜ਼
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਟੋਕੀਓ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਅਥਲੀਟਾਂ, ਖਿਡਾਰੀਆਂ ਤੇ ਉਨ੍ਹਾਂ ਨਾਲ ਜਾਣ ਵਾਲੇ ਸਟਾਫ਼, ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੇ ਬਾਹਰ ਕੰਮ ਕਰਦੇ ਵਿਅਕਤੀਆਂ ਨੂੰ ਕੋਵੀਸ਼ੀਲਡ ਦੀ ਦੂਜੀ ਡੋਜ਼ ਤੈਅ ਸਮੇਂ (28 ਦਿਨਾਂ ਮਗਰੋਂ ਪਰ 84 ਦਿਨਾਂ ਤੋਂ ਪਹਿਲਾਂ) ਤੋਂ ਪਹਿਲਾਂ ਲੱਗ ਸਕੇਗੀ। ਜ਼ਿਕਰਯੋਗ ਹੈ ਕਿ ਕੋਵਿਡ ਪ੍ਰਬੰਧਨ ਦਾ ਸੁਪਰੀਮ ਕੋਰਟ ਨੇ ਖ਼ੁਦ ਹੀ ਨੋਟਿਸ ਲਿਆ ਸੀ ਤੇ ਕੇਂਦਰ ਕੋਲੋਂ ਜਵਾਬ ਮੰਗਿਆ ਸੀ।
‘ਬਲੈਕ ਫੰਗਸ’ ਲਈ ਦਵਾਈਆਂ ਦਾ ਪ੍ਰਬੰਧ ਕਰ ਰਹੇ ਨੇ ਭਾਰਤੀ ਦੂਤਾਵਾਸ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਨਾਲ ਹੀ ਦੱਸਿਆ ਕਿ ‘ਬਲੈਕ ਫੰਗਸ’ ਲਈ ਦਵਾਈਆਂ ਦਾ ਪ੍ਰਬੰਧ ਕਰਨ ਲਈ ਵਿਦੇਸ਼ਾਂ ਵਿਚਲੇ ਭਾਰਤੀ ਦੂਤਾਵਾਸ ਜੰਗੀ ਪੱਧਰ ਉਤੇ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾ ਨਾਲ ਜੁੜੇ ਇਸ ਇਨਫੈਕਸ਼ਨ ਦੇ ਕਈ ਕੇਸ ਸਾਹਮਣੇ ਆਏ ਸਨ। ਸਰਕਾਰ ਨੇ ਕਿਹਾ ਕਿ ਐਂਫੋਟੈਰੀਸਿਨ ਤੇ ਹੋਰ ਦਵਾਈਆਂ ਦਾ ਘਰੇਲੂ ਉਤਪਾਦਨ ਵੀ ਵਧਾਇਆ ਜਾ ਰਿਹਾ ਹੈ। -ਪੀਟੀਆਈ
ਹੋਰਨਾਂ ਕਿਸਮਾਂ ਨਾਲੋਂ ‘ਡੈਲਟਾ ਪਲੱਸ’ ਦੀ ਫੇਫੜਿਆਂ ਦੇ ਟਿਸ਼ੂਜ਼ ਨਾਲ ਵੱਧ ਨੇੜਤਾ
ਨਵੀਂ ਦਿੱਲੀ, 27 ਜੂਨ
ਟੀਕਾਕਰਨ ਬਾਰੇ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ (ਐੱਨਟੀਏਜੀਆਈ) ਦੇ ਕੋਵਿਡ-19 ਵਰਕਿੰਗ ਗਰੁੱਪ ਦੇ ਚੇਅਰਮੈਨ ਡਾ.ਐੱਨ.ਕੇ.ਅਰੋੜਾ ਨੇ ਅੱਜ ਕਿਹਾ ਕਿ ਕੋਵਿਡ-19 ਦਾ ਡੈਲਟਾ ਪਲੱਸ ਵੇਰੀਐਂਟ ਦਾ ਫੇਫੜਿਆਂ ਦੇ ਟਿਸ਼ੂਜ਼ ਨਾਲ ਨੇੜਲਾ ਸਬੰਧ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਰੋਗ ਨੂੰ ਹੋਰ ਗੰਭੀਰ ਕਰਨ ਜਾਂ ਫਿਰ ਅੱਗੇ ਇਕ ਤੋਂ ਦੂਜੇ ਵਿੱਚ ਫੈਲਣ ਦੇ ਵਧੇਰੇ ਸਮਰੱਥ ਹੈ। 11 ਜੂਨ ਨੂੰ ਕਰੋਨਾਵਾਇਰਸ ਦੇ ਇਕ ਨਵੇਂ ਰੂਪ ‘ਡੈਲਟਾ ਪਲੱਸ’ ਦੀ ਪਛਾਣ ਹੋਈ ਸੀ, ਜਿਸ ਨੂੰ ‘ਫਿਕਰਮੰਦੀ ਵਾਲੇ ਵੇਰੀਐਂਟ’ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ। ਹੁਣ ਤੱਕ 12 ਰਾਜਾਂ ਵਿੱਚ ਡੈਲਟਾ ਪਲੱਸ ਦੇ 51 ਕੇਸਾਂ ਦੀ ਸ਼ਨਾਖਤ ਹੋ ਚੁੱਕੀ ਹੈ ਤੇ ਇਸ ਕਿਸਮ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਤੋਂ ਰਿਪੋਰਟ ਹੋਏ ਹਨ। -ਪੀਟੀਆਈ