ਨਵੀਂ ਦਿੱਲੀ, 14 ਫਰਵਰੀ
ਭਾਰਤ ਵਿੱਚ ਦੁਨੀਆਂ ਦੇ ਇੱਕ ਫ਼ੀਸਦੀ ਵਾਹਨ ਹਨ, ਪਰ ਸੜਕ ਹਾਦਸਿਆਂ ਕਾਰਨ ਆਲਮੀ ਪੱਧਰ ’ਤੇ ਹੋਣ ਵਾਲੀਆਂ ਮੌਤਾਂ ਵਿੱਚ 11 ਫ਼ੀਸਦੀ ਮੌਤਾਂ ਭਾਰਤ ਵਿੱਚ ਹੁੰਦੀਆਂ ਹਨ। ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਭਾਰਤ ਵਿੱਚ ਸਾਲਾਨਾ ਲਗਪਗ 4.50 ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿੱਚ ਡੇਢ ਲੱਖ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, ‘‘ਸੜਕ ਹਾਦਸਿਆਂ ਦੌਰਾਨ ਜਾਨ ਗੁਆਉਣ ਵਾਲੇ ਸਭ ਤੋਂ ਵੱਧ ਭਾਰਤ ਦੇ ਹੁੰਦੇ ਹਨ। ਦੇਸ਼ ਵਿੱਚ ਹਰੇਕ ਇੱਕ ਘੰਟੇ ਵਿੱਚ 53 ਸੜਕ ਹਾਦਸੇ ਹੋ ਰਹੇ ਹਨ ਅਤੇ ਹਰੇਕ ਚਾਰ ਮਿੰਟ ਵਿੱਚ ਇੱਕ ਮੌਤ ਹੋ ਜਾਂਦੀ ਹੈ।’’ ਰਿਪੋਰਟ ਮੁਤਾਬਕ, ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਵਿੱਚ ਸੜਕ ਹਾਦਸਿਆਂ ਦੌਰਾਨ 13 ਲੱਖ ਲੋਕਾਂ ਨੇ ਜਾਨ ਗੁਆਈ ਹੈ ਅਤੇ 50 ਲੱਖ ਲੋਕ ਜ਼ਖ਼ਮੀ ਹੋਏ ਹਨ। -ਪੀਟੀਆਈ