ਨਵੀਂ ਦਿੱਲੀ, 27 ਅਕਤੂਬਰ
ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੇ ਟੈਲੀਕੌਮ ਅਤੇ ਪਾਵਰ ਖੇਤਰਾਂ ਲਈ ਚੀਨ ਤੋਂ ਬਿਜਲਈ ਯੰਤਰ, ਕੰਪਿਊਟਰ ਹਾਡਰਵੇਅਰ ਅਤੇ ਰਸਾਇਣਾਂ ਦੀ ਦਰਾਮਦ ਕੀਤੀ ਗਈ ਹੈ। ਇਸ ਸਬੰਧੀ ਖ਼ੁਲਾਸਾ ਕਰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਸਤਾਂ ਦੀ ਚੀਨ ਤੋਂ ਕੱਚੇ ਮਾਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਤਿਆਰ ਕੀਤੇ ਮਾਲ ਦੀ ਵਰਤੋਂ ਦੇਸ਼ ਵਿੱਚ ਕਰਨ ਦੇ ਨਾਲ ਨਾਲ ਉਸ ਨੂੰ ਬਰਾਮਦ ਵੀ ਕੀਤਾ ਜਾਂਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਅਤੇ ਚੀਨ ਦੇ ਦਰਾਮਦ ਅਤੇ ਬਰਾਮਦ ਵਿੱਚ ਵੱਡਾ ਫ਼ਰਕ ਹੈ। ਸਾਲ 2021-22 ਦੌਰਾਨ ਚੀਨ ਨਾਲ ਬਰਾਮਦ 21.18 ਅਰਬ ਡਾਲਰ ਤੋਂ ਵਧ ਕੇ ਇਸ ਸਾਲ 21.25 ਅਰਬ ਡਾਲਰ ਹੋ ਗਿਆ ਹੈ। ਇਸੇ ਦੌਰਾਨ ਦਰਾਮਦ 2021-22 ਦੇ 65.21 ਅਰਬ ਡਾਲਰ ਤੋਂ ਵਧ ਕੇ 94.16 ਅਰਬ ਡਾਲਰ ਹੋ ਗਿਆ ਹੈ। ਇਹ ਵਪਾਰਕ ਪਾੜਾ 2021-22 ਵਿੱਚ ਵਧ ਕੇ 72.91 ਅਰਬ ਡਾਲਰ ਹੋ ਗਿਆ ਜੋ ਪਿਛਲੇ ਵਿੱਤੀ ਸਾਲ ਵਿੱਚ 44 ਅਰਬ ਡਾਲਰ ਸੀ। ਚੀਨ ਵੱਲੋਂ ਜਾਰੀ ਕੀਤੇ ਵਪਾਰਕ ਅੰਕੜਿਆਂ ਅਨੁਸਾਰ ਇਸ ਸਾਲ ਜਨਵਰੀ-ਸਤੰਬਰ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕੁੱਲ ਦੁਵੱਲਾ ਵਪਾਰ 14.6 ਫ਼ੀਸਦੀ ਵਧ ਕੇ 103.63 ਅਰਬ ਡਾਲਰ ਹੋ ਗਿਆ। ਚੀਨ ਤੋਂ ਦਰਾਮਦ ਵਾਲੀਆਂ ਪ੍ਰਮੁੱਖ ਵਸਤਾਂ ਬਿਜਲਈ ਯੰਤਰ, ਕੰਪਿਊਟਰ ਹਾਰਡਵੇਅਰ, ਟੈਲੀਕੌਮ ਯੰਤਰ, ਜੈਵਿਕ ਰਸਾਇਣ, ਡੇਅਰੀ ਲਈ ਉਦਯੋਗਿਕ ਮਸ਼ੀਨਰੀ ਆਦਿ ਹਨ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਦਰਾਮਦ ਵਸਤਾਂ ਵਿੱਚੋਂ ਬਹੁਤੀਆਂ ਭਾਰਤ ਵਿੱਚ ਦੂਰਸੰਚਾਰ ਅਤੇ ਬਿਜਲੀ ਵਰਗੇ ਤੇਜ਼ੀ ਨਾਲ ਵਧ ਰਹੇ ਖੇਤਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਵਰਤੀਆਂ ਜਾਂਦੀਆਂ ਹਨ। -ਪੀਟੀਆਈ