ਮੁੰਬਈ, 16 ਅਗਸਤ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਉਤ ਨੇ ਅੱਜ ਕੇਂਦਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਰੂਸ ਨੇ ਤਾਂ ਕਰੋਨਵਾਇਰਸ ਦਾ ਟੀਕਾ ਤਿਆਰ ਕਰਕੇ ‘ਆਤਮਨਿਰਭਰ’ ਹੋਣ ਦਾ ਸਬੂਤ ਦੇ ਦਿੱਤਾ ਹੈ ਤੇ ਭਾਰਤ ਅਜੇ ਵੀ ਭਾਬੀ ਜੀ ਪਾਪੜ ਵੇਲ ਰਿਹਾ ਹੈ। ਉਨ੍ਹਾਂ ਕਿਹਾ, “ਰੂਸ ਦਲੇਰੀ ਨਾਲ ਅੱਗੇ ਵਧਿਆ ਸੀ ਅਤੇ ਦੁਨੀਆ ਦਾ ਪਹਿਲਾ ਕੋਵਿਡ-19 ਟੀਕਾ ਲੈ ਕੇ ਆਇਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਕਰੋਨਾ ਪ੍ਰਭਾਵਿਤ ਧੀ ਨੂੰ ਇਹ ਟੀਕਾ ਲਗਵਾ ਕੇ ਦੇਸ਼ ਦੀ ਜਨਤਾ ਦਾ ਵਿਸ਼ਵਾਸ ਜਿੱਤਿਆ ਹੈ। ਤੇ ਦੂਜੇ ਪਾਸੇ ਭਾਰਤ ਵਿਚ ਕੇਂਦਰੀ ਭਾਰੀ ਉਦਯੋਗ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਭਾਬੀ ਜੀ ਪਾਪੜ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਇਹ ਖਾਣ ਦੀ ਨਸੀਹਤ ਦੇ ਰਹੇ ਹਨ ਕਿ ਇਸ ਨਾਲ ਕਰੋਨਾ ਦਾ ਨਾਸ ਹੋਵੇਗਾ। ਇਹ ਬੜੀ ਹੈਰਾਨੀ ਹੈ ਕਿ ਜਿਸ ਮੰਤਰੀ ਨੇ ਇਸ ਪਾਪੜ ਨੂੰ ਖਾਣ ਸਲਾਹ ਦਿੱਤੀ ਉਹ ਹੁਣ ਖੁਦ ਕਰਨਾ ਪੀੜਤ ਹੈ। ਆਯੂਸ਼ ਮੰਤਰਾਲੇ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਦਾਅਵਾ ਕੀਤਾ ਸੀ ਕਿ ਆਯੁਰਵੈਦਿਕ ਦਵਾਈਆਂ ਕਰੋਨਾ ਵਿਰੁੱਧ ਪ੍ਰਭਾਵਸ਼ਾਲੀ ਹੋਣਗੀਆਂ ਪਰ ਹੁਣ ਆਯੂਸ਼ ਮੰਤਰੀ ਸ੍ਰੀਪਦ ਨਾਇਕ ਕਰੋਨਾ ਦੀ ਜਕੜ ਵਿੱਚ ਹਨ। ਉਨ੍ਹਾਂ ਕਿਹਾ ਅਯੁੱਧਿਆ ਰਾਮ ਮੰਦਰ ਟਰੱਸਟ ਦੇ ਚੇਅਰਮੈਨ ਮਹੰਤ ਨ੍ਰਿਤਿਆ ਗੋਪਾਲ ਦਾਸ ਕਰੋਨਾ ਪੀੜਤ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨਾਲ ਸਟੇਜ ਸਾਂਝੀ ਕੀਤੀ ਸੀ। ਉਸ ਵੇਲੇ ਮਹੰਤ ਨੇ ਮਾਸਕ ਵੀ ਨਹੀਂ ਸੀ ਪਹਿਨਿਆ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਇਕਾਂਤਵਾਸ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਜੇ ਅਮਰੀਕਾ ਕਰੋਨਾ ਦੀ ਪਹਿਲੀ ਦਵਾਈ ਲੈ ਕੇ ਆਉਂਦਾ ਤਾਂ ਭਾਰਤ ਦੇ ਮੰਤਰੀਆਂ, ਨੇਤਾਵਾਂ ਤੇ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਸੀਦੇ ਪੜਨੇ ਸਨ ਪਰ ਰੂਸ ਵੱਲੋਂ ਲਿਆਂਦੇ ਟੀਕੇ ਉਪਰ ਕਿੰਤੂ ਕੀਤੇ ਜਾ ਰਹੇ ਹਨ।