ਕੋਲਕਾਤਾ, 8 ਜਨਵਰੀ
ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਜਲਵਾਯੂ ਤਬਦੀਲੀ ’ਤੇ ਆਪਣੀਆਂ ਵਚਨਬੱਧਤਾਵਾਂ ਪੂਰੀਆਂ ਕਰਨ ਵਾਲਾ ਭਾਰਤ ਇਕੱਲਾ ਮੁਲਕ ਹੈ, ਹਾਲਾਂਕਿ ਇਹ ਦੁਨੀਆਂ ਦੇ ਕੁੱਲ ਕਾਰਬਨ ਨਿਕਾਸ ਦਾ ਸਿਰਫ਼ ਛੇ ਤੋਂ ਸੱਤ ਫ਼ੀਸਦ ਕਾਰਬਨ ਨਿਕਾਸ ਕਰਦਾ ਹੈ। ਉਹ ਇੱਥੇ ਮਰਚੈਂਟ ਚੈਂਬਰ ਆਫ਼ ਕਾਮਰਸ ਤੇ ਇੰਡਸਟਰੀ ਵੱਲੋਂ ਕਰਵਾਏ ਗਏ ਇਕ ਵੈੱਬਿਨਾਰ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸ੍ਰੀ ਜਾਵੜੇਕਰ ਨੇ ਦਾਅਵਾ ਕੀਤਾ ਕਿ ਜਲਵਾਯੂ ਤਬਦੀਲੀ ਲਈ ਭਾਰਤ ਜ਼ਿੰਮੇਵਾਰ ਨਹੀਂ ਹੈ ਪਰ ਇਹ ਸੌਰ ਊਰਜਾ ਤੇ ਨਵਿਆਉਣਯੋਗ ਊਰਜਾ ਵਧਾਉਣ ਵੱਲ ਕੰਮ ਕਰ ਰਿਹਾ ਹੈ। ਕਈ ਹੋਰ ਦੇਸ਼ ਹੁਣ ਕਾਰਬਨ ਦੇ ਨਿਕਾਸ ’ਤੇ ਰੋਕ ਲਾਉਣ ਦੀ ਗੱਲ ਕਰ ਰਹੇ ਹਨ ਪਰ ਭਾਰਤੀ ਸਨਅਤਾਂ ਇਸ ਨੂੰ ਪਹਿਲਾਂ ਹੀ ਆਪ ਮੁਹਾਰੇ ਅਪਣਾ ਚੁੱਕੀਆਂ ਹਨ। ਭਾਰਤੀ ਸਨਅਤਾਂ ਕਾਰਬਨ ਦਾ ਨਿਕਾਸ ਘਟਾਉਣ ਲਈ ਆਪਣੇ ਆਪ ਕਦਮ ਉਠਾ ਰਹੀਆਂ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਘਟਾਉਣ ਲਈ ਦੇਸ਼ ਨੂੰ ਹੌਲੀ-ਹੌਲੀ ਬਿਜਲਈ ਵਾਹਨਾਂ ਵੱਲ ਤਬਦੀਲ ਹੋਣਾ ਪਵੇਗਾ।
-ਪੀਟੀਆਈ
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ 2021 ਦਾ ਡਿਜੀਟਲ ਕੈਲੰਡਰ ਤੇ ਡਾਇਰੀ ਜਾਰੀ
ਨਵੀਂ ਦਿੱਲੀ: ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਛਪਵਾਉਣ ਦੀ ਥਾਂ ਅੱਜ ਸਾਲ 2021 ਲਈ ਇਕ ਡਿਜੀਟਲ ਕੈਲੰਡਰ ਤੇ ਡਾਇਰੀ ਜਾਰੀ ਕੀਤੀ ਗਈ। ਇਸ ਨਾਲ ਮੰਤਰਾਲੇ ਦੀ ਕਰੀਬ ਪੰਜ ਕਰੋੜ ਰੁਪਏ ਦੀ ਬੱਚਤ ਹੋਵੇਗੀ। ਇਸ ਸਬੰਧੀ ਸਮਾਰੋਹ ਕੌਮੀ ਮੀਡੀਆ ਸੈਂਟਰ ਵਿੱਚ ਹੋਇਆ ਜਿੱਥੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਬਟਨ ਦੱਬ ਕੇ ਕੈਲੰਡਰ ਤੇ ਡਾਇਰੀ ਦੀ ਐਂਡਰਾਇਡ ਤੇ ਆਈਓਐੱਸ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ।
-ਪੀਟੀਆਈ