ਨਵੀਂ ਦਿੱਲੀ, 28 ਜਨਵਰੀ
ਭਾਰਤ ਨੇ ਅੱਜ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਲੈ ਕੇ 1974 ਦੇ ਪ੍ਰੋਟੋਕੋਲ ਤਹਿਤ ਧਾਰਮਿਕ ਸਥਾਨਾਂ ਬਾਰੇ ਸਹਿਮਤੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਸੂਚੀ ਅਤੇ ਯਾਤਰਾ ਦੇ ਤੌਰ-ਤਰੀਕਿਆਂ ਦਾ ਵਿਸਥਾਰ ਕਰਨਾ ਭਾਰਤੀ ਅਤੇ ਪਾਕਿਸਤਾਨੀ ਪੱਖਾਂ ਦੇ ਹਿੱਤ ਵਿਚ ਹੈ ਅਤੇ ਇਨ੍ਹਾਂ ਮਾਮਲਿਆਂ ਵਿਚ ਉਸ ਦਾ ਸਕਾਰਾਤਮਕ ਰੁਖ਼ ਹੈ। ਭਾਰਤ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਪਾਕਿਸਤਾਨ ਨਾਲ ਗੱਲਬਾਤ ਕਰਨ ਦਾ ਇੱਛੁਕ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਇਹ ਗੱਲ ਕਹੀ। ਸ੍ਰੀ ਬਾਗਚੀ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਇਕ ਪ੍ਰਮੁੱਖ ਹਿੰਦੂ ਸੰਸਦ ਮੈਂਬਰ ਨੇ ਭਾਰਤ ਨੂੰ ਇਸ ਸਬੰਧ ਵਿਚ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਦੋਹਾਂ ਗੁਆਂਢੀ ਮੁਲਕਾਂ ਦੀ ਆਸਥਾ ’ਤੇ ਆਧਾਰਿਤ ਸਥਾਨਾਂ ਸਬੰਧੀ ਪਹਿਲ ਤਹਿਤ ਭਾਰਤ ਉਨ੍ਹਾਂ ਦੇ ਮੁਲਕ ਦੇ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕਰੇ।
ਪਾਕਿਸਤਾਨ ਹਿੰਦੂ ਕੌਂਸਲ ਦੇ ਪੈਟਰਨ-ਇਨ-ਚੀਫ਼ ਅਤੇ ਕੌਮੀ ਅਸੈਂਬਲੀ ਦੇ ਮੈਂਬਰ ਡਾ. ਰਮੇਸ਼ ਕੁਮਾਰ ਵਾਂਕਵਾਨੀ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਏਅਰਲਾਈਨਜ਼ ਇੰਟਰਨੈਸ਼ਨਲ ਦੀ ਇਕ ਵਿਸ਼ੇਸ਼ ਚਾਰਟਰਡ ਉਡਾਣ ਨਾਲ 29 ਜਨਵਰੀ ਨੂੰ ਪਾਕਿਸਤਾਨੀ ਸ਼ਰਧਾਲੂਆਂ ਦੇ ਇਕ ਵਫ਼ਦ ਦੀ ਅਗਵਾਈ ਕਰਨਗੇ।
ਇਸ ਬਾਰੇ ਭਾਰਤ ਦੇ ਰੁਖ਼ ਬਾਰੇ ਪੁੱਛੇ ਜਾਣ ’ਤੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਬਾਗਚੀ ਨੇ ਕਿਹਾ ਕਿ ਧਾਰਮਿਕ ਸਥਾਨਾਂ ਬਾਰੇ ਸਹਿਮਤੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਸੂਚੀ ਤੇ ਯਾਤਰਾ ਦੇ ਤੌਰ-ਤਰੀਕਿਆਂ ਦਾ ਵਿਸਥਾਰ ਕਰਨਾ ਦੋਹਾਂ ਪੱਖਾਂ ਦੇ ਹਿੱਤ ਵਿਚ ਹੈ। ਇਸ ਬਾਰੇ ਸੁਭਾਵਿਕ ਤੌਰ ’ਤੇ ਚਰਚਾ ਕਰਨ ਦੀ ਲੋੜ ਹੈ। ਬਾਗਚੀ ਨੇ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਦਾ ਰੁਖ਼ ਸਕਾਰਾਤਮਕ ਹੈ ਅਤੇ ਪਾਕਿਸਤਾਨੀ ਪੱਖ ਦੇ ਨਾਲ ਗੱਲਬਾਤ ਕਰਨ ਦਾ ਇੱਛੁਕ ਹੈ। -ਪੀਟੀਆਈ