ਨਵੀਂ ਦਿੱਲੀ, 2 ਜੂਨ
ਭਾਰਤ ਨੇ ਅੱਜ ਆਲਮੀ ਪਹਿਲਕਦਮੀ ਮਿਸ਼ਨ ਇਨੋਵੇਸ਼ਨ ਕਲੀਨਟੈੱਕ ਐਕਸਚੇਂਜ ਦੀ ਸ਼ੁਰੂਆਤ ਕੀਤੀ ਹੈ, ਜੋ ਸਾਫ਼ ਊਰਜਾ ਖੋਜ ਵਿੱਚ ਤੇਜ਼ੀ ਲਿਆਉਣ ਲਈ ਹੋਰ ਮੈਂਬਰ ਮੁਲਕਾਂ ਨਾਲ ਰਲ ਕੇ ਨੈੱਟਵਰਕ ਬਣਾਏਗਾ। ਮਿਸ਼ਨ ਇਨੋਵੇਸ਼ਨ 2.0 ਨੂੰ ਚਿੱਲੀ ਦੀ ਮੇਜ਼ਬਾਨੀ ਵਿੱਚ ਹੋਏ ਇਨੋਵੇਟਿੰਗ ਟੂ ਨੈੱਟ ਜ਼ੀਰੋ ਸਮਿਟ ਦੌਰਾਨ ਵਰਚੁਅਲੀ ਲਾਂਚ ਕੀਤਾ ਗਿਆ। ਭਾਰਤ ਸਣੇ 23 ਦੇਸ਼ਾਂ ਨੇ ਰਲ ਕੇ ਸਾਫ਼ ਊਰਜਾ ਖੋਜ ਤੇ ਵਿਕਾਸ ਵਿੱਚ ਆਲਮੀ ਨਿਵੇਸ਼ ਕਰਨ ਲਈ ਨਵੀਂ ਯੋਜਨਾ ਪੇਸ਼ ਕੀਤੀ। ਇਸ ਨੈੱਟਵਰਕ ਦਾ ਮਕਸਦ ਇਸ ਦਹਾਕੇ ਦੌਰਾਨ ਸਾਰਿਆਂ ਨੂੰ ਸਸਤੀ, ਆਕਰਸ਼ਕ ਅਤੇ ਪਹੁੰਚਯੋਗ ਊਰਜਾ ਮੁਹੱਈਆ ਕਰਵਾਉਣਾ ਹੈ, ਜੋ ਪੈਰਿਸ ਸਮਝੌਤੇ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਤਰੀਕਿਆਂ ਦੀ ਕਾਰਵਾਈ ਦਾ ਹਿੱਸਾ ਹੈ।
ਮਿਸ਼ਨ ਇਨੋਵੇਸ਼ਨ 2.0, ਸਾਲ 2015 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਨ ਸਬੰਧੀ ਕਾਨਫਰੰਸ ਵਿੱਚ ਪੈਰਿਸ ਸਮਝੌਤੇ ਨਾਲ ਪੇਸ਼ ਕੀਤੀ ਗਈ ਆਲਮੀ ਮਿਸ਼ਨ ਇਨੋਵੇਸ਼ਨ ਪਹਿਲਕਦਮੀ ਦਾ ਦੂਜਾ ਗੇੜ ਹੈ। ਇਸ ਨੂੰ ਲਾਂਚ ਕਰਨ ਮੌਕੇ ਚਿੱਲੀ ਦੇ ਰਾਸ਼ਟਰਪਤੀ ਸਬਿੈਸਟੀਅਨ ਪਿਨੇਰਾ ਨੇ ਕਿਹਾ ਕਿ ਉਹ ਇਸ ਸਾਲ ਮਿਸ਼ਨ ਇਨੋਵੇਸ਼ਨ ਦੇ ਅਗਲੇ ਗੇੜ ਦੀ ਸ਼ੁਰੂਆਤ ਕਰਕੇ ਉਤਸ਼ਾਹਿਤ ਹਨ।
ਉਨ੍ਹਾਂ ਕਿਹਾ ਕਿ ਖੋਜ, ਸਹਿਯੋਗ ਅਤੇ ਕਾਰਵਾਈ ਅਜਿਹੇ ਸੰਦ ਹਨ, ਜਿਨ੍ਹਾਂ ਨਾਲ ਵਾਤਾਵਰਨ ਤਬਦੀਲੀ ਦਾ ਸਾਹਮਣਾ ਕਰਕੇ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਵਾਤਾਵਰਨ ਸਬੰਧੀ ਰਾਸ਼ਟਰਪਤੀ ਦੇ ਵਿਸ਼ੇਸ਼ ਰਾਜਦੂਤ ਜੌਹਨ ਕੈਰੀ ਨੇ ਕਿਹਾ ਕਿ ਸਾਲ 2050 ਤੱਕ ਪ੍ਰਦੂਸ਼ਣ ਮੁਕਤ ਵਾਤਾਵਰਨ ਦਾ ਟੀਚਾ ਹਾਸਲ ਕਰਨ ਤੋਂ ਪਹਿਲਾਂ 2030 ਤੱਕ ਜ਼ਰੂਰੀ ਕਦਮ ਚੁੱਕੇ ਜਾਣਗੇ। -ਆਈਏਐੱਨਐੱਸ