ਨਵੀਂ ਦਿੱਲੀ, 1 ਜਨਵਰੀ
ਭਾਰਤ ਨੇ ਅੱਜ ਚੀਨ ਨੂੰ ਚੀਨੀ ਪਾਣੀਆਂ ਵਿਚ ਫ਼ਸੇ 39 ਭਾਰਤੀ ਮਲਾਹਾਂ (ਸੇਲਰ) ਦੀ ‘ਤੁਰੰਤ, ਅਮਲੀ ਤੇ ਸਮਾਬੱਧ’ ਮਦਦ ਕਰਨ ਲਈ ਕਿਹਾ ਹੈ। ਭਾਰਤ ਨੇ ਕਿਹਾ ਹੈ ਕਿ ਦੋ ਸਮੁੰਦਰੀ ਜਹਾਜ਼ਾਂ ਵਿਚ ਸਵਾਰ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ‘ਗੰਭੀਰ’ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਦੱਸਿਆ ਕਿ ਢੋਆ-ਢੁਆਈ (ਕਾਰਗੋ) ਵਾਲਾ ਭਾਰਤੀ ਜਹਾਜ਼ ਐਮਵੀ ਜਗ ਆਨੰਦ ਚੀਨ ਦੀ ਹੇਬੈ ਸੂਬੇ ਦੀ ਜਿਗਤੈਂਗ ਬੰਦਰਗਾਹ ਨੇੜੇ 13 ਜੂਨ ਤੋਂ ਖੜ੍ਹਾ ਹੈ ਤੇ ਇਸ ਵਿਚ 13 ਭਾਰਤੀ ਮਲਾਹ ਸਵਾਰ ਹਨ। ਇਕ ਹੋਰ ਜਹਾਜ਼ ਐਮਵੀ ਅਨਾਸਤਾਸੀਆ ਭਾਰਤੀ ਅਮਲੇ, ਕਰੀਬ 16 ਨਾਗਰਿਕਾਂ ਨਾਲ ਕਾਓਫੀਦੀਅਨ ਬੰਦਰਗਾਹ ਨੇੜੇ 20 ਸਤੰਬਰ ਤੋਂ ਖੜ੍ਹਾ ਹੈ। ਸ੍ਰੀਵਾਸਤਵ ਨੇ ਕਿਹਾ ਕਿ ਦੋਵੇਂ ਜਹਾਜ਼ ਸਾਮਾਨ ਉਤਾਰੇ ਜਾਣ ਦੀ ਉਡੀਕ ਕਰ ਰਹੇ ਹਨ ਤੇ ਲੰਮੀ ਦੇਰੀ ਕਾਰਨ ਅਮਲੇ ’ਤੇ ਤਣਾਅ ਵਧਦਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਭਾਰਤੀ ਨਾਗਰਿਕਾਂ ਲਈ ਬਣੀ ਮੁਸ਼ਕਲ ਸਥਿਤੀ ਤੋਂ ਅਸੀਂ ਚਿੰਤਤ ਹਾਂ ਤੇ ਚੀਨ ਨੂੰ ਜਲਦੀ ਦੋਵਾਂ ਮਾਮਲਿਆਂ ਦਾ ਨਬਿੇੜਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੇਈਚਿੰਗ ਵਿਚ ਭਾਰਤੀ ਦੂਤਾਵਾਸ ਚੀਨੀ ਅਧਿਕਾਰੀਆਂ ਦੇ ਸੰਪਰਕ ਵਿਚ ਹੈ। -ਪੀਟੀਆਈ