ਨਵੀਂ ਦਿੱਲੀ, 14 ਫਰਵਰੀ
ਰੱਖਿਆ ਸਕੱਤਰ ਅਜੈ ਕੁਮਾਰ ਨੇ ਮਾਲਦੀਵਜ਼ ਦੇ ਸਿਖ਼ਰਲੇ ਫ਼ੌਜੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਇਸ ਦੌਰਾਨ ਹੋਈ ਗੱਲਬਾਤ ਨੂੰ ‘ਉਸਾਰੂ’ ਦੱਸਿਆ। ਚੀਨ ਵੱਲੋਂ ਹਿੰਦ ਮਹਾਸਾਗਰ ’ਚ ਆਪਣੀ ਮੌਜੂਦਗੀ ਵਧਾਉਣ ਦੇ ਮੱਦੇਨਜ਼ਰ ਇਹ ਗੱਲਬਾਤ ਦੁਵੱਲੇ ਰੱਖਿਆ ਤੇ ਸੁਰੱਖਿਆ ਸਹਿਯੋਗ ਉਤੇ ਕੇਂਦਰਿਤ ਸੀ। ਹਿੰਦ ਮਹਾਸਾਗਰ ਖੇਤਰ ਵਿਚ ਮਾਲਦੀਵਜ਼ ਭਾਰਤ ਦਾ ਅਹਿਮ ਭਾਈਵਾਲ ਤੇ ਗੁਆਂਢੀ ਹੈ। ਦੋਵਾਂ ਮੁਲਕਾਂ ਦਰਮਿਆਨ ਪਿਛਲੇ ਕੁਝ ਸਾਲਾਂ ਵਿਚ ਦੁਵੱਲੇ ਰੱਖਿਆ ਤੇ ਸੁਰੱਖਿਆ ਸਹਿਯੋਗ ’ਚ ਵਾਧਾ ਹੋਇਆ ਹੈ। ਭਾਰਤੀ ਅਧਿਕਾਰੀ ਤੀਜੇ ਰੱਖਿਆ ਸਹਿਯੋਗ ਸੰਵਾਦ ਵਿਚ ਹਿੱਸਾ ਲੈਣ ਲਈ ਮਾਲਦੀਵਜ਼ ਗਏ ਹਨ। ਉਨ੍ਹਾਂ ਕਿਹਾ ਕਿ ਗੱਲਬਾਤ ਉਸਾਰੂ ਰਹੀ, ਤੇ ਨਾਲ ਹੀ ਮਾਲਦੀਵਜ਼ ਦੇ ਕੌਮੀ ਰੱਖਿਆ ਬਲ ਦੇ ਮੁਖੀ ਮੇਜਰ ਜਨਰਲ ਅਬਦੁੱਲਾ ਸ਼ਮਾਲ ਦਾ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਨਵੰਬਰ ਵਿਚ ਭਾਰਤ, ਮਾਲਦੀਵਜ਼ ਤੇ ਸ੍ਰੀਲੰਕਾ ਨੇ ਹਿੰਦ ਮਹਾਸਾਗਰ ਖੇਤਰ ਵਿਚ ਦੋ ਰੋਜ਼ਾ ਗਤੀਵਿਧੀ ਵੀ ਕੀਤੀ ਸੀ। ਇਸ ਤਰ੍ਹਾਂ ਖੇਤਰ ਨੂੰ ਸਾਂਝੇ ਯਤਨ ਕਰ ਕੇ ਸੁਰੱਖਿਅਤ ਰੱਖਣ ਅਤੇ ਕੌਮਾਂਤਰੀ ਵਪਾਰ ਲਈ ਰਾਹ ਖੁੱਲ੍ਹੇ ਰੱਖਣ ਦਾ ਸੰਕੇਤ ਦਿੱਤਾ ਗਿਆ ਸੀ। ਮੇਜਰ ਜਨਰਲ ਸ਼ਮਾਲ ਨੇ ਕਿਹਾ ਕਿ ਰੱਖਿਆ ਸੰਵਾਦ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਲਈ ਮਹੱਤਵਪੂਰਨ ਹੈ। -ਪੀਟੀਆਈ