ਮੁੰਬਈ/ਅਹਿਮਦਾਬਾਦ, 19 ਅਕਤੂਬਰ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਇੱਥੇ ਅੱਜ ਕਿਹਾ ਕਿ ਆਪਣੇ ਦੇਸ਼ ਵਿੱਚ ਮਨੁੱਖ ਅਧਿਕਾਰਾਂ ਦੇ ਸਨਮਾਨ ਤੇ ਸਮਾਵੇਸ਼ ਪ੍ਰਤੀ ਮਜ਼ਬੂਤ ਵਚਨਬੱਧਤਾ ਦਿਖਾ ਕੇ ਹੀ ਆਲਮੀ ਪੱਧਰ ’ਤੇ ਭਾਰਤ ਦੀ ਗੱਲ ਦਾ ਵਜ਼ਨ ਵਧ ਸਕਦਾ ਹੈ ਅਤੇ ਭਰੋਸੇਯੋਗਤਾ ਹਾਸਲ ਹੋ ਸਕਦੀ ਹੈ। ਉਹ ਮੁੰਬਈ ਵਿੱਚ ਤਾਜ ਹੋਟਲ ’ਤੇ 26/11 ਨੂੰ ਹੋਏ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਅਤਿਵਾਦ ਖ਼ਿਲਾਫ਼ ਲੜਾਈ ਇਕ ਆਲਮੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਕੋਈ ਵੀ ਵਜ੍ਹਾ, ਕਿਸੇ ਵੀ ਤਰ੍ਹਾਂ ਦੇ ਅਤਿਵਾਦ ਨੂੰ ਜਾਇਜ਼ ਨਹੀਂ ਠਹਿਰਾ ਸਕਦੀ ਹੈ।
ਉਪਰੰਤ ਭਾਰਤੀ ਤਕਨੀਕੀ ਸੰਸਥਾ (ਆਈਆਈਟੀ) ਮੁੰਬਈ ਵਿੱਚ ਇਕ ਸਮਾਰੋਹ ਦੌਰਾਨ ਸੰਸਥਾ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਟੇਰੇਜ਼ ਨੇ ਕਿਹਾ, ‘‘ਮਨੁੱਖੀ ਅਧਿਕਾਰ ਕੌਂਸਲ ਦਾ ਇਕ ਚੁਣਿਆ ਹੋਇਆ ਮੈਂਬਰ ਹੋਣ ਕਰ ਕੇ ਭਾਰਤ ’ਤੇ ਆਲਮੀ ਮਨੁੱਖੀ ਅਧਿਕਾਰਾਂ ਨੂੰ ਰੂਪ ਦੇਣ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਸਣੇ ਸਾਰੇ ਵਿਅਕਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਇਨ੍ਹਾਂ ਨੂੰ ਬੜ੍ਹਾਵਾ ਦੇਣ ਦੀ ਜ਼ਿੰਮੇਵਾਰੀ ਹੈ।’’ ਉਨ੍ਹਾਂ ਕਿਹਾ, ‘‘ਇਹ ਸਿਰਫ ਸਾਰੇ ਲੋਕਾਂ, ਖ਼ਾਸ ਕਰ ਕੇ ਸਭ ਤੋਂ ਕਮਜ਼ੋਰ ਵਰਗਾਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਰਾਖੀ ਕਰ ਕੇ ਅਤੇ ਉਨ੍ਹਾਂ ਨੂੰ ਬੜ੍ਹਾਵਾ ਦੇ ਕੇ ਹੀ ਸੰਭਵ ਹੋ ਸਕਦਾ ਹੈ।’’ ਉਨ੍ਹਾਂ ਵੱਖ-ਵੱਖ ਸਭਿਆਚਾਰ, ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਜਾਤਾਂ ਵਾਲੇ ਸਮਾਜ ਦੀਆਂ ਮਹਾਨ ਕੀਮਤਾਂ ਤੇ ਯੋਗਦਾਨ ਨੂੰ ਪਛਾਣਨ ਅਤੇ ਨਫਰਤੀ ਤਕਰੀਰਾਂ ਨੂੰ ਸਪੱਸ਼ਟ ਤੌਰ ’ਤੇ ਨਿੰਦਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਗੁਟੇਰੇਜ਼ ਨੇ ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ, ਵਿਦਿਆਰਥੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਅਧਿਕਾਰਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰੱਖਿਆ ਕਰਨ ਅਤੇ ਭਾਰਤੀ ਨਿਆਂ ਪ੍ਰਣਾਲੀ ਦੀ ਆਜ਼ਾਦੀ ਲਗਾਤਾਰ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।ਆਈਆਈਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਮਹਿਲਾਵਾਂ ਖਿਲਾਫ ਹਿੰਸਾ ਬਾਰੇ ਗੱਲ ਕਰਦਿਆਂ ਇਸ ਦੀ ਤੁਲਨਾ ਇਕ ਵੱਡੇ ਕੈਂਸਰ ਨਾਲ ਕੀਤੀ ਅਤੇ ਹਰੇਕ ਦੇਸ਼ ਵਿੱਚ ਇਸ ਤੋਂ ਨਜਿੱਠਣ ਲਈ ਐਂਮਰਜੈਂਸੀ ਯੋਜਨਾ ਬਣਾਉਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਆਪਣੀ ਸੰਸਥਾ ਦੇ ਅੰਦਰ ਵੀ ਲਿੰਗ ਸਮਾਨਤਾ ਲਾਗੂ ਕਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਕਈ ਲੋਕਾਂ ਦਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਦੀ ਸਕੱਤਰ ਜਨਰਲ ਇਕ ਮਹਿਲਾ ਹੋਣੀ ਚਾਹੀਦੀ ਹੈ ਅਤੇ ਮੈਂ ਇਸ ਵਿਚਾਰ ਦਾ ਪੂਰਾ ਸਨਮਾਨ ਕਰਦਾ ਹਾਂ।’’
ਇਸ ਦੌਰਾਨ ਜਲਵਾਯੂ ਬਦਲਾਅ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਲਵਾਯੂ ਬਦਲਾਅ ਤੋਂ ਨਜਿੱਠਣ ਲਈ ਅਤੇ ਤਾਪਮਾਨ ਨੂੰ ਕੰਟਰੋਲ ਹੇਠ ਰੱਖਣ ਲਈ ਇਸ ਵੇਲੇ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਵਿਚਾਲੇ ਇਕ ਇਤਿਹਾਸਕ ਸਮਝੌਤੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੀ20 ਦੇਸ਼ ਹੀ 80 ਫੀਸਦ ਤੱਕ ਆਲਮੀ ਪੱਧਰ ’ਤੇ ਗਰੀਨ ਹਾਊਸ ਗੈਸਾਂ ਦੇ ਨਿਕਾਸ ਲਈ ਜ਼ਿੰਮੇਵਾਰ ਹਨ। ਇਸ ਦੌਰਾਨ ਗੁਟੇਰੇਜ਼ ਨੇ ਨਵਿਆਉਣਯੋਗ ਤਕਨਾਲੋਜੀ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਗੁਟੇਰੇਜ਼ ਇਕ ਕਮਰਸ਼ੀਅਲ ਉਡਾਣ ਰਾਹੀਂ ਲੰਘੀ ਦੇਰ ਰਾਤ ਮੁੰਬਈ ਪਹੁੰਚੇ। ਮਹਾਰਾਸ਼ਟਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਪਰੰਤ ਉਹ ਜਹਾਜ਼ ਰਾਹੀਂ ਗੁਜਰਾਤ ਲਈ ਰਵਾਨਾ ਹੋ ਗਏ। ਗੁਜਰਾਤ ਦੇ ਕੇਵੜੀਆ ਵਿੱਚ ਭਲਕੇ ਵੀਰਵਾਰ ਨੂੰ ਮਿਸ਼ਨ ਲਾਈਫ (ਲਾਈਫ ਸਟਾਈਲ ਫਾਰ ਐਨਵਾਇਰਨਮੈਂਟ) ਸਬੰਧੀ ਇਕ ਪ੍ਰੋਗਰਾਮ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ। -ਪੀਟੀਆਈ
ਕੌਮਾਂਤਰੀ ਵਿੱਤ ਪ੍ਰਣਾਲੀ ਨੈਤਿਕ ਤੌਰ ’ਤੇ ਦੀਵਾਲੀਆ ਕਰਾਰ
ਮੁੰਬਈ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅੱਜ ਕਿਹਾ ਕਿ ਕੌਮਾਂਤਰੀ ਵਿੱਤ ਪ੍ਰਣਾਲੀ ਨੈਤਿਕ ਤੌਰ ’ਤੇ ਦੀਵਾਲੀਆ ਹੈ ਕਿਉਂਕਿ ਇਹ ਅਮੀਰ ਦੇਸ਼ਾਂ ਦਾ ਪੱਖ ਪੂਰਦੀ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਸ ਨੂੰ ਸੁਧਾਰਨ ਵਿੱਚ ਭਾਰਤ ਦੀ ਅਹਿਮ ਸ਼ਮੂਲੀਅਤ ਹੋਵੇਗੀ। ਉਨ੍ਹਾਂ ਕਿਹਾ, ‘‘ਵਿਕਾਸਸ਼ੀਲ ਦੇਸ਼ਾਂ ਨੂੰ ਉਭਾਰ ਦੇ ਵਿੱਤੀ ਸਾਧਨਾਂ ’ਚੋਂ ਬਹੁਤ ਘੱਟ ਮਿਲਿਆ ਹੈ। ਇਹ ਦੇਸ਼ ਕੋਵਿਡ-19 ਮਹਾਮਾਰੀ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਨ੍ਹਾਂ ਦੇਸ਼ਾਂ ’ਚੋਂ ਕੁਝ ਨੂੰ ਤਾਂ ਕਰਜ਼ੇ ਦੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਉਹ ਭਾਰਤੀ ਤਕਨੀਕੀ ਸੰਸਥਾ (ਆਈਆਈਟੀ) ਮੁੰਬਈ ਵਿੱਚ ਇਕ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। -ਪੀਟੀਆਈ