ਨਵੀਂ ਦਿੱਲੀ, 11 ਜੁਲਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਨੂੰ ਮਸਨੂਈ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ) ਪ੍ਰਣਾਲੀ ਉੱਤੇ ‘ਬੇਹੱਦ ਸਾਵਧਾਨੀ’ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਸ ਤਕਨੀਕ ਤੋਂ ਹੋਣ ਵਾਲੀ ਨੀਤੀ ਸਬੰਧੀ, ਕਾਨੂੰਨੀ, ਰਾਜਨੀਤਕ ਅਤੇ ਆਰਥਿਕ ਹਲਚਲ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ‘ਆਰਟੀਫੀਸ਼ੀਅਲ ਇੰਟੈਲੀਜੈਂਸ ਇਨ ਡਿਫੈਂਸ’ (ਰੱਖਿਆ ਖੇਤਰ ਵਿੱਚ ਮਸਨੂਈ ਬੌਧਿਕਤਾ) ਸੰਮੇਲਨ ਦਾ ਉਦਘਾਟਨ ਕਰਨ ਮਗਰੋਂ ਰਾਜਨਾਥ ਸਿੰਘ ਨੇ ਕਿਹਾ, ‘‘ਸਾਨੂੰ ਮਨੁੱਖਤਾ ਦੀ ਤਰੱਕੀ ਅਤੇ ਸ਼ਾਂਤੀ ਲਈ ਮਸਨੂੁਈ ਬੌਧਿਕਤਾ ਦੀ ਵਰਤੋਂ ਕਰਨੀ ਹੋਵੇਗੀ। ਅਜਿਹਾ ਨਹੀਂ ਹੋਣਾ ਚਾਹੀਦਾ ਹੈ ਕਿ ਕੋਈ ਦੇਸ਼ ਜਾਂ ਦੇਸ਼ਾਂ ਦਾ ਗਰੁੱਪ ਪ੍ਰਮਾਣੂ ਊਰਜਾ ਵਾਂਗ ਹੀ ਇਸ ਤਕਨੀਕ ’ਤੇ ਵੀ ਆਪਣਾ ਗਲਬਾ ਸਥਾਪਤ ਕਰ ਲਵੇ ਅਤੇ ਬਾਕੀ ਮੁਲਕ ਮਸਨੂਈ ਬੌਧਿਕਤਾ ਦਾ ਲਾਭ ਨਾ ਲੈ ਸਕਣ।’’ ਉਨ੍ਹਾਂ ਨੇ ਮਸਨੂਈ ਬੌਧਿਕਤਾ ਦੀਆਂ ਨੀਤੀਆਂ ਅਤੇ ਖ਼ਤਰਿਆਂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਸਲਾਹ ਵੀ ਦਿੱਤੀ। ਰੱਖਿਆ ਮੰਤਰੀ ਨੇ ਕਿਹਾ, ‘‘ਅਸੀਂ ਮਸਨੂਈ ਬੌਧਿਕਤਾ ਦੇ ਵਿਕਾਸ ਨੂੰ ਨਹੀਂ ਰੋਕ ਸਕਦੇ ਅਤੇ ਸਾਨੂੰ ਇਸ ਦਾ ਵਿਕਾਸ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ। ਪਰ ਇਸ ਨੂੰ ਲੈ ਕੇ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ।’’ -ਪੀਟੀਆਈ