ਨਵੀਂ ਦਿੱਲੀ, 5 ਅਗਸਤ
ਭਾਰਤ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਨੇੜੇ ਉਡਾਰੀਆਂ ਭਰਦੇ ਚੀਨ ਦੇ ਲੜਾਕੂ ਜਹਾਜ਼ਾਂ ਦੀਆਂ ਸਰਗਰਮੀਆਂ ਬਾਰੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਰਤ ਨੇ 2 ਅਗਸਤ ਨੂੰ ਹੋਈ ਵਿਸ਼ੇਸ਼ ਗੇੜ ਦੀ ਫ਼ੌਜੀ ਗੱਲਬਾਤ ਦੌਰਾਨ ਆਪਣਾ ਇਤਰਾਜ਼ ਤੇ ਫ਼ਿਕਰ ਚੀਨ ਤੱਕ ਪੁੱਜਦਾ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਪੂਰਬੀ ਲੱਦਾਖ ਵਿੱਚ ਐੱਲਏਸੀ ਦੇ ਬਿਲਕੁਲ ਨਾਲ ਚੀਨ ਦੇ ਲੜਾਕੂ ਜਹਾਜ਼ਾਂ ਵੱਲੋਂ ਹਵਾਈ ਗੇੜੇ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਸੂਤਰਾਂ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਚੁਸ਼ੂਲ-ਮੋਲਡੇ ਸਰਹੱਦੀ ਪੁਆਇੰਟ ’ਤੇ ਹੋਏ ਉਪਰੋਕਤ ਸੰਵਾਦ ਦੌਰਾਨ ਭਾਰਤੀ ਵਫ਼ਦ ਨੇ ਆਪਣੇ ਚੀਨੀ ਹਮਰੁਤਬਾ ਨੂੰ ਜ਼ੋਰ ਦੇ ਕੇ ਆਖਿਆ ਕਿ ਅਸਲ ਕੰਟਰੋਲ ਰੇਖਾ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਅਜਿਹੀਆਂ ਹਵਾਈ ਸਰਗਰਮੀਆਂ ਤੋਂ ਟਾਲਾ ਵੱਟਿਆ ਜਾਵੇ। ਭਾਰਤੀ ਟੀਮ, ਜਿਸ ਵਿੱਚ ਹਵਾਈ ਸੈਨਾ ਦਾ ਵੱਡਾ ਅਧਿਕਾਰੀ ਤੇ ਥਲ ਸੈਨਾ ਦੇ ਸੀਨੀਅਰ ਅਫ਼ਸਰ ਮੌਜੂਦ ਸਨ, ਨੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਵਿਸ਼ਵਾਸ ਬਹਾਲੀ ਉਪਰਾਲਿਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਉਧਰ ਚੀਨੀ ਵਫ਼ਦ ਵਿਚ ਵੀ ਪੀਪਲਜ਼ ਲਬਿਰੇਸ਼ਨ ਆਰਮੀ ਦੀ ਹਵਾਈ ਸੈਨਾ ਦਾ ਸੀਨੀਅਰ ਅਧਿਕਾਰੀ ਮੌਜੂਦ ਸੀ। ਜੂਨ ਦੇ ਆਖਰੀ ਹਫ਼ਤੇ ਅਸਲ ਕੰਟਰੋਲ ਰੇਖਾ ਦੇ ਐਨ ਨੇੜੇ ਚੀਨ ਦਾ ਜੇ-11 ਲੜਾਕੂ ਜਹਾਜ਼ ਉਡਾਰੀ ਭਰਦਾ ਨਜ਼ਰ ਆਇਆ ਸੀ, ਜਿਸ ਮਗਰੋਂ ਭਾਰਤੀ ਹਵਾਈ ਸੈਨਾ ਨੇ ਇਹ ਮਾਮਲਾ ਆਪਣੇ ਚੀਨੀ ਹਮਰੁਤਬਾਵਾਂ ਦੇ ਧਿਆਨ ਵਿੱਚ ਲਿਆਉਣ ਦੀ ਪੇਸ਼ਬੰਦੀਆਂ ਵਿੱਢ ਦਿੱਤੀਆਂ ਸਨ। -ਪੀਟੀਆਈ